ਜੰਮੂ-ਕਸ਼ਮੀਰ ਪੁਲਸ ਦੇ ਜਵਾਨ ਜਲਦ ਹੋਣਗੇ ਅਮਰੀਕੀ ਹਥਿਆਰਾਂ ਨਾਲ ਲੈਸ, ਮਿਲਣਗੀਆਂ ਇਹ ਰਾਈਫਲਾਂ

Tuesday, Jan 04, 2022 - 11:43 AM (IST)

ਜੰਮੂ-ਕਸ਼ਮੀਰ ਪੁਲਸ ਦੇ ਜਵਾਨ ਜਲਦ ਹੋਣਗੇ ਅਮਰੀਕੀ ਹਥਿਆਰਾਂ ਨਾਲ ਲੈਸ, ਮਿਲਣਗੀਆਂ ਇਹ ਰਾਈਫਲਾਂ

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਪੁਲਸ ਦੇ ਜਵਾਨਾਂ ਨੂੰ ਅੱਤਵਾਦ ਰੋਕੂ ਮੁਹਿੰਮਾਂ ਨੂੰ ਅੰਜ਼ਾਮ ਦੇਣ ਲਈ ਛੇਤੀ ਹੀ ਅਮਰੀਕੀ ਸਿਗ ਸੌਅਰ ਅਸਾਲਟ ਰਾਈਫਲ ਅਤੇ ਪਿਸਤੌਲ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਇਸ ਬਾਬਤ ਜਾਣਕਾਰੀ ਦਿੱਤੀ। ਫ਼ੌਜ ਨੇ ਪਾਕਿਸਤਾਨ ਨਾਲ ਲੱਗਦੀ ਕੰਟਰੋਲ ਰੇਖਾ (ਐੱਲ. ਓ. ਸੀ.) ਅਤੇ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਦੀ ਰਖਵਾਲੀ ਕਰਨ ਵਾਲੇ ਆਪਣੇ ਜਵਾਨਾਂ ਨੂੰ ਪਹਿਲਾਂ ਹੀ ਕਈ ਅਤਿਆਧੁਨਿਕ ਰਾਈਫਲਾਂ ਦਿੱਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਪੁਲਸ ਫੋਰਸ 500 ਸਿਗ ਸੌਅਰ-716 ਰਾਈਫਲਾਂ ਅਤੇ 100 ਸਿਗ ਸੌਅਰ ਐੱਮ. ਪੀ. ਐਕਸ 9ਐੱਮ. ਐੱਮ. ਪਿਸਤੌਲਾਂ ਖਰੀਦੇਗਾ। 

PunjabKesari

ਜੰਮੂ-ਕਸ਼ਮੀਰ ਪੁਲਸ ਅਜਿਹੇ ਆਧੁਨਿਕ ਹਥਿਆਰ ਹਾਸਲ ਕਰਨ ਵਾਲੀ ਸ਼ਾਇਦ ਦੇਸ਼ ਦੀ ਪਹਿਲੀ ਪੁਲਸ ਹੋਵੇਗੀ। ਸੁਰੱਖਿਆ ਪ੍ਰਾਪਤ ਲੋਕਾਂ ਲਈ ਤਾਇਨਾਤ ‘ਸਪੈਸ਼ਲ ਆਪਰੇਸ਼ਨ ਗਰੁੱਪ’ (ਐੱਸ. ਓ. ਜੀ.) ਅਤੇ ਕਰਮੀਆਂ ਨੂੰ ਇਨ੍ਹਾਂ ਹਥਿਆਰਾਂ ਨਾਲ ਲੈਸ ਕੀਤਾ ਜਾਵੇਗਾ। ਅਧਿਕਾਰੀਆਂ ਮੁਤਾਬਕ ਜੰਮੂ-ਕਸ਼ਮੀਰ ਪੁਲਸ ਨੇ ਹਾਲ ਹੀ ਵਿਚ ਸਰਕਾਰੀ ਖਰੀਦ ਪੋਰਟਲ ਜੀ. ਈ. ਐੱਮ. (ਗਵਰਨਮੈਂਟ ਈ-ਮਾਰਕੀਟ) ’ਤੇ ਹਥਿਆਰਾਂ ਦੀ ਖਰੀਦ ਲਈ ਗਲੋਬਲ ਬੋਲੀ ਲਾਈ ਸੀ। ਪੁਲਸ ਵਲੋਂ ਇਸਤੇਮਾਲ ਕੀਤੇ ਜਾਣ ਵਾਲੇ ਇਨਸਾਸ (ਇੰਡੀਅਨ ਸਮੌਲ ਆਮਰਜ਼ ਸਿਸਟਮ) ਰਾਈਫਲਜ਼ ਦੇ 5.5x45 ਮਿ.ਮੀ ਇੰਟਰਮੀਡੀਏਟ ਕਾਰਟੀਜ ਦੀ ਤੁਲਨਾ ਵਿਚ ਸਿਗ ਸੌਅਰ-716 ਅਸਾਲਟ ਰਾਈਫਲ ਦੇ 7.6x51 ਮਿ.ਮੀ. ਦੇ ਕਾਰਟੀਜ ਵੱਧ ਸ਼ਕਤੀਸ਼ਾਲੀ ਹਨ। ਬਿਨਾਂ ਮੈਗਜ਼ੀਨ ਦੇ 3.82 ਕਿਲੋਗ੍ਰਾਮ ਦੀ ਰਾਈਫਲ ਪ੍ਰਤੀ ਮਿੰਟ 650-850 ਗੋਲੀਆਂ ਦਾਗ ਸਕਦੀ ਹੈ ਅਤੇ 500 ਮੀਟਰ ਦੀ ਰੇਂਜ ਕਾਰਨ ਅੱਤਵਾਦ ਰੋਕੂ ਮੁਹਿੰਮਾਂ ’ਚ ਇਕ ਪ੍ਰਭਾਵੀ ਹਥਿਆਰ ਸਾਬਤ ਹੋ ਸਕਦੀ ਹੈ। 

ਇਸ ਤੋਂ ਇਲਾਵਾ ਰਾਈਫਲ ਕਿਸੇ ਵੀ ਹਾਲਾਤਾਂ ਵਿਚ ਇਸਤੇਮਾਲ ਲਈ ਮਜ਼ਬੂਤ, ਆਧੁਨਿਕ ਅਤੇ ਸੌਖੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਬਿਨਾਂ ਮੈਗਜ਼ੀਨ ਦੇ 2.94 ਕਿਲੋਗ੍ਰਾਮ ਦੀ ਐੱਸ. ਆਈ. ਜੀ. ਐੱਮ. ਪੀ. ਐਕਸ 9 ਐੱਮ. ਐੱਮ. ਪਿਸਤੌਲ ਪ੍ਰਤੀ ਮਿੰਟ 850 ਗੋਲੀਆਂ ਚਲਾ ਸਕਦੀ ਹੈ। ਦੋਵੇਂ ਹਥਿਆਰ ਗੈਸ ਨਾਲ ਚੱਲਣ ਵਾਲੇ ਹਨ। ਭਾਰਤ ਨੇ 2019 ਵਿਚ ਸਿਗ ਸੌਅਰ ਨਾਲ ਲੱਗਭਗ 7900 ਕਰੋੜ ਰੁਪਏ ਦੀ ਲਾਗਤ ਨਾਲ 72,400 ‘ਅਸਾਲਟ ਰਾਈਫਲ’ ਲਈ ਇਕ ਸਮਝੌਤੇ ’ਤੇ ਦਸਤਖ਼ਤ ਕੀਤੇ ਸਨ।


author

Tanu

Content Editor

Related News