ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਕਸ਼ਮੀਰੀ ਪ੍ਰਵਾਸੀਆਂ, ਬੇਘਰਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਸ਼ੁਰੂ

07/25/2020 6:28:49 PM

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਬਾਹਰ ਰਹਿ ਰਹੇ ਕਸ਼ਮੀਰੀ ਪ੍ਰਵਾਸੀਆਂ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਦੇ ਬੇਘਰਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਕੀਤੀ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਪਲਾਇਨ ਕਰਨ ਵਾਲੇ ਵਾਸੀਆਂ ਨੂੰ ਸ਼ਾਮਲ ਕਰਨ ਲਈ ਨਵੇਂ ਰਜਿਸਟ੍ਰੇਸ਼ਨ ਨੂੰ ਮੁੜ ਤੋਂ ਸ਼ੁਰੂ ਕਰਨ ਦੇ ਦੋ ਮਹੀਨੇ ਤੋਂ ਵੀ ਵੱਧ ਸਮੇਂ ਬਾਅਦ ਇਹ ਕਵਾਇਦ ਕੀਤੀ ਗਈ ਹੈ। ਰਜਿਸਟ੍ਰੇਸ਼ਨ ਦੇ ਪਹਿਲੇ ਦਿਨ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਬਾਹਰ ਰਹਿਣ ਵਾਲੇ ਕਸ਼ਮੀਰੀ ਪ੍ਰਵਾਸੀਆਂ ਦੇ 120 ਤੋਂ ਵੱਧ ਬੇਨਤੀ ਪੱਤਰ ਪ੍ਰਾਪਤ ਹੋਏ। ਜੰਮੂ-ਕਸ਼ਮੀਰ ਦੇ ਰਾਹਤ ਅਤੇ ਮੁੜ ਵਸੇਬੇ ਕਮਿਸ਼ਨਰ ਟੀ. ਕੇ. ਭੱਟ ਨੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਬੇਘਰ ਲੋਕਾਂ ਅਤੇ ਕਸ਼ਮੀਰੀ ਪ੍ਰਵਾਸੀਆਂ ਦੀ ਰਜਿਸਟ੍ਰੇਸ਼ਨ ਲਈ ਅਸੀਂ ਸ਼ੁੱਕਰਵਾਰ ਨੂੰ ਇਕ ਐਪ ਦੀ ਸ਼ੁਰੂਆਤ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਸਾਨੂੰ 120 ਤੋਂ ਵੱਧ ਬੇਨਤੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ 'ਚੋਂ 40 ਤੋਂ ਵਧੇਰੇ ਬੇਨਤੀਆਂ ਸ਼ਨੀਵਾਰ ਨੂੰ ਆਨਲਾਈਨ ਪ੍ਰਾਪਤ ਹੋਈਆਂ। ਕੋਈ ਵੀ ਕਸ਼ਮੀਰੀ ਪੰਡਤ ਅਤੇ ਬੇਘਰ ਵਿਅਕਤੀ, ਜੋ ਆਜ਼ਾਦੀ ਤੋਂ ਪਹਿਲਾਂ ਸਾਲ 1944 'ਚ ਕਸ਼ਮੀਰ ਛੱਡ ਚੁੱਕੇ ਸਨ ਅਤੇ ਜਿਨ੍ਹਾਂ ਕੋਲ 1944 ਜਾਂ ਉਸ ਦੇ ਬਾਅਦ ਜੰਮੂ-ਕਸ਼ਮੀਰ ਦੇ ਕਿਸੇ ਵੀ ਹਿੱਸੇ 'ਚ ਅਚੱਲ ਸੰਪਤੀ ਹੋਣ ਅਤੇ ਉਸ ਦਾ ਮਾਲਕ ਹੋਣ ਦਾ ਕੋਈ ਸਬੂਤ ਹੈ, ਉਹ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਨਿਵਾਸ ਦਾ ਹੱਕਦਾਰ ਹੈ। ਬੀਤੀ 16 ਮਈ ਨੂੰ ਇਕ ਇਤਿਹਾਸਕ ਫੈਸਲਾ ਲੈਂਦੇ ਹੋਏ ਉੱਪ ਰਾਜਪਾਲ ਪ੍ਰਸ਼ਾਸਨ ਨੇ ਕਸ਼ਮੀਰੀ ਪ੍ਰਵਾਸੀਆਂ ਅਤੇ ਬੇਘਰਾਂ ਲਈ ਨਵੇਂ ਰਜਿਸਟ੍ਰੇਸ਼ਨ ਨੂੰ ਮੁੜ ਤੋਂ ਸ਼ੁਰੂ ਕੀਤਾ ਸੀ, ਜਿਸ ਨਾਲ ਹੀ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਪਲਾਇਨ ਕਰਨ ਵਾਲੇ ਮੂਲ ਵਾਸੀਆਂ ਲਈ ਆਪਣਾ ਰਜਿਸਟ੍ਰੇਸ਼ਨ ਕਰਾਉਣ ਦਾ ਰਸਤਾ ਸਾਫ ਹੋ ਗਿਆ ਸੀ।  


Tanu

Content Editor

Related News