LoC ''ਤੇ ਤਾਇਨਾਤ ਫੌਜੀ ਜਵਾਨਾਂ ਨੂੰ ਭੈਣਾਂ ਨੇ ਬੰਨ੍ਹੀ ਰੱਖੜੀ, ਫ਼ੌਜੀਆਂ ਦਾ ਕੀਤਾ ਧੰਨਵਾਦ
Monday, Aug 19, 2024 - 11:34 AM (IST)
ਬਾਰਾਮੂਲਾ- ਜੰਮੂ-ਕਸ਼ਮੀਰ ਦੇ ਉੜੀ ਸੈਕਟਰ 'ਚ ਕੰਟਰੋਲ ਰੇਖਾ (LoC) ਦੇ ਨਾਲ ਲੱਗਦੇ ਸੋਨੀ ਪਿੰਡ 'ਚ ਸੋਮਵਾਰ ਨੂੰ ਔਰਤਾਂ ਨੇ ਰੱਖੜੀ ਦੇ ਤਿਉਹਾਰ 'ਤੇ ਭਾਰਤੀ ਫੌਜ ਦੇ ਜਵਾਨਾਂ ਨੂੰ ਰੱਖੜੀ ਬੰਨ੍ਹੀ। ਔਰਤਾਂ ਨੇ ਫੌਜੀਆਂ ਨੂੰ ਆਪਣੇ ਭਰਾ ਕਿਹਾ ਅਤੇ ਸਰਹੱਦਾਂ ਦੀ ਰਾਖੀ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਬਦਲੇ ਵਿਚ ਜਵਾਨਾਂ ਨੇ ਭੈਣਾਂ ਦੀ ਸੁਰੱਖਿਆ ਕਰਨ ਦਾ ਵਾਅਦਾ ਕੀਤਾ। ਇਕ ਸਥਾਨਕ ਔਰਤ ਸੀਰਤ ਬਾਨੋ ਨੇ ਕਿਹਾ ਕਿ ਅਸੀਂ ਭੈਣਾਂ ਨੇ ਸਰਹੱਦਾਂ ਦੇ ਪਾਰ ਸਾਡੀ ਰੱਖਿਆ ਲਈ ਆਪਣੇ ਭਰਾ ਨੂੰ ਰੱਖੜੀ ਬੰਨ੍ਹੀ ਹੈ। ਰੱਖੜੀ ਦਾ ਤਿਉਹਾਰ ਰਿਵਾਇਤੀ ਹਿੰਦੂ ਤਿਉਹਾਰ ਹੈ ਜੋ ਭਰਾਵਾਂ ਅਤੇ ਭੈਣਾਂ ਵਿਚਕਾਰ ਪਿਆਰ ਦਾ ਪ੍ਰਤੀਕ ਹੈ। ਇਸ ਦਿਨ ਭੈਣਾਂ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਦੀਆਂ ਹਨ। ਬਦਲੇ 'ਚ ਭਰਾ ਆਪਣੀਆਂ ਭੈਣਾਂ ਲਈ ਪਿਆਰ ਅਤੇ ਦੇਖਭਾਲ ਦੇ ਪ੍ਰਤੀਕ ਵਜੋਂ ਤੋਹਫ਼ੇ ਪੇਸ਼ ਕਰਦੇ ਹਨ।
ਇਕ ਹੋਰ ਸਥਾਨਕ ਪਿੰਡ ਵਾਸੀ ਨਜ਼ੀਰ ਅਹਿਮਦ ਨੇ ਰੱਖੜੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਇਸ ਨੂੰ ਸ਼ਾਂਤੀ ਅਤੇ ਸਦਭਾਵਨਾ ਦਾ ਤਿਉਹਾਰ ਦੱਸਿਆ। ਉਨ੍ਹਾਂ ਕਿਹਾ ਇਹ ਤਿਉਹਾਰ ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਅਸੀਂ ਸਰਹੱਦ 'ਤੇ ਰਹਿੰਦੇ ਹਾਂ ਅਤੇ ਅਸੀਂ ਆਪਣੇ ਭਾਰਤੀ ਫੌਜ ਦੇ ਨਾਲ ਖੜ੍ਹੇ ਹਾਂ ਜੋ ਸਾਡੀ ਰੱਖਿਆ ਕਰਦੀ ਹੈ। ਇਹ ਤਿਉਹਾਰ ਇਸੇ ਭਾਈਚਾਰੇ ਨੂੰ ਦਰਸਾਉਂਦਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 17 ਅਗਸਤ ਨੂੰ ਜੰਮੂ-ਕਸ਼ਮੀਰ ਦੇ ਅਖਨੂਰ ਸਰਹੱਦ ਨੇੜੇ ਸਕੂਲੀ ਵਿਦਿਆਰਥਣਾਂ ਨੇ ਫੌਜ ਦੇ ਜਵਾਨਾਂ ਨੂੰ ਰੱਖੜੀ ਬੰਨ੍ਹ ਕੇ ਰੱਖੜੀ ਦਾ ਤਿਉਹਾਰ ਮਨਾਇਆ ਸੀ। ਸਕੂਲੀ ਵਿਦਿਆਰਥਣਾਂ ਨੇ ਰੱਖੜੀ ਬੰਨ੍ਹੀ, ਤਿਲਕ ਲਗਾਇਆ ਅਤੇ ਫੌਜ ਦੇ ਜਵਾਨਾਂ ਨੂੰ ਮਠਿਆਈਆਂ ਭੇਟ ਕਰਕੇ ਰੱਖੜੀ ਦਾ ਤਿਉਹਾਰ ਮਨਾਇਆ।