ਜੰਮੂ-ਕਸ਼ਮੀਰ: IED ਬਰਾਮਦਗੀ ਦੇ ਮਾਮਲੇ ''ਚ 3 ਲੋਕਾਂ ਨੂੰ ਹਿਰਾਸਤ ''ਚ ਲਿਆ ਗਿਆ
Wednesday, Jan 25, 2023 - 11:31 AM (IST)
ਰਾਜੌਰੀ/ਜੰਮੂ- ਜੰਮੂ-ਕਸ਼ਮੀਰ ਪੁਲਸ ਨੇ ਰਾਜੌਰੀ ਜ਼ਿਲ੍ਹੇ ਦੇ ਖੇਓਰਾ ਇਲਾਕੇ ਤੋਂ ਇਕ ਆਈ. ਈ. ਡੀ. ਦੀ ਬਰਾਮਦਗੀ ਦੇ ਮਾਮਲੇ 'ਚ 3 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੁਰੱਖਿਆ ਕਾਮਿਆਂ ਨੇ 18 ਜਨਵਰੀ ਨੂੰ ਇਲਾਕੇ 'ਚ ਇਕ ਆਈ. ਈ. ਡੀ. ਬਰਾਮਦ ਕਰ ਕੇ ਉਸ ਨੂੰ ਨਕਾਰਾ ਕਰ ਦਿੱਤਾ ਸੀ।
ਹਿਰਾਸਤ ਵਿਚ ਲਏ ਗਏ 3 ਲੋਕਾਂ ਵਿਚੋਂ ਇਕ ਪੁੰਛ ਜ਼ਿਲ੍ਹੇ ਦੇ ਮੇਂਢਰ ਇਲਾਕੇ ਦਾ ਹੈ ਅਤੇ ਦੋ ਹੋਰ ਰਾਜੌਰੀ ਜ਼ਿਲ੍ਹੇ ਦੇ ਵਸਨੀਕ ਹਨ। ਮਾਮਲੇ ਦੇ ਤਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਦੇ ਅੱਤਵਾਦੀਆਂ ਨਾਲ ਜੁੜੇ ਹੋਣ ਦੀ ਗੱਲ ਸਾਹਮਣੇ ਆਈ ਹੈ। ਰਾਜੌਰੀ ਵਿਚ ਇਕ ਟਿਫ਼ਿਨ ਵਿਚ ਆਈ. ਈ. ਡੀ. ਬਰਾਮਦ ਹੋਣ ਮਗਰੋਂ ਮਾਮਲਾ ਦਰਜ ਕਰ ਕੇ ਇਸ 'ਚ ਸ਼ਾਮਲ ਲੋਕਾਂ ਦੀ ਭਾਲ ਸ਼ੁਰੂ ਕੀਤੀ ਗਈ ਸੀ। ਜਾਂਚ ਦੌਰਾਨ ਏਜੰਸੀਆਂ ਨੂੰ ਇਸ ਦੇ ਤਾਰ ਸਰਹੱਦ ਪਾਰ ਹੋਣ ਦੀ ਗੱਲ ਪਤਾ ਲੱਗੀ।
ਆਈ. ਈ. ਡੀ. ਦੀ ਸਪਲਾਈ ਕੰਟਰੋਲ ਰੇਖਾ ਦੇ ਪਾਰ ਤੋਂ ਅੱਤਵਾਦੀਆਂ ਨੇ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ 18 ਜਨਵਰੀ ਮਗਰੋਂ 22 ਜਨਵਰੀ ਨੂੰ ਵੀ ਰਾਜੌਰੀ ਕੌਲ ਦਸਾਲ ਪਿੰਡ ਵਿਚ ਦੋ ਹੋਰ ਆਈ. ਈ. ਡੀ. ਬਰਾਮਦ ਹੋਏ ਸਨ, ਜਿਨ੍ਹਾਂ ਨੂੰ ਬਾਅਦ ਵਿਚ ਨਕਾਰਾ ਕੀਤਾ ਗਿਆ। ਰਾਜੌਰੀ ਦੇ ਐੱਸ. ਐੱਸ. ਪੀ. ਮੁਹੰਮਦ ਅਸਲਮ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਆਈ. ਈ. ਡੀ. ਬਰਾਮਦਗੀ ਮਾਮਲੇ ਵਿਚ ਤਫਤੀਸ਼ ਕਾਫੀ ਹੱਦ ਤੱਕ ਪੂਰੀ ਹੋ ਚੁੱਕੀ ਹੈ ਪਰ ਅਜੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ। ਹੁਣ ਤੱਕ 3 ਆਈ. ਈ. ਡੀ. ਬਰਾਮਦ ਹੋਏ ਹਨ ਅਤੇ ਮਾਮਲੇ ਵਿਚ 3 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।