ਜੰਮੂ-ਕਸ਼ਮੀਰ: ਜੇਹਲਮ ਨਦੀ ’ਚ ਚਲੇਗੀ ਨਿਊਜ਼ੀਲੈਂਡ ਦੀ ਲਗਜ਼ਰੀ ‘ਬੱਸ ਬੋਟ’, ਜਾਣੋ ਕੀ ਹਨ ਖਾਸੀਅਤਾਂ
Monday, Jul 19, 2021 - 04:01 PM (IST)
ਜੰਮੂ— ਜੰਮੂ-ਕਸ਼ਮੀਰ ਦੀ ਜੇਹਲਮ ਨਦੀ ’ਚ ਸ਼ਿਕਾਰਾ ਦੀ ਸੈਰ ਸਭ ਤੋਂ ਜ਼ਿਆਦਾ ਯਾਦਗਾਰ ਮੰਨੀ ਜਾਂਦੀ ਹੈ। ਇਸ ਲਿਸਟ ’ਚ ਇਕ ਹੋਰ ਬੋਟ ਯਾਨੀ ਕਿ ਕਿਸ਼ਤੀ ਸ਼ਾਮਲ ਹੋ ਗਈ ਹੈ। ਜੇਹਲਮ ਨਦੀ ਵਿਚ ਹੁਣ ਨਿਊਜ਼ੀਲੈਂਡ ਤੋਂ ਆਈ ਲਗਜ਼ਰੀ ‘ਬੱਸ ਬੋਟ’ ਨੂੰ ਉਤਾਰਿਆ ਗਿਆ ਹੈ। ਜੰਮੂ-ਕਸ਼ਮੀਰ ਜਲ ਟਰਾਂਸਪੋਰਟ ਅਥਾਰਟੀ ਕਸ਼ਮੀਰ ਵਿਚ ਜਲ ਟਰਾਂਸਪੋਰਟ ਨੂੰ ਮੁੜ ਸੁਰਜੀਤ ਕਰਨ ਦੇ ਉਦੇਸ਼ ਨਾਲ ਜੇਹਲਮ ਨਦੀ ’ਚ ਪਹਿਲੀ ਆਯਾਤ ਕੀਤੀ ਗਈ ਲਗਜ਼ਰੀ ਬੋਟ ਲਿਆਈ ਹੈ।
30 ਸੀਟਾਂ ਵਾਲੀ ‘ਬੱਸ ਬੋਟ’ ਦਾ ਇਸ ਸਾਲ 10 ਜੁਲਾਈ ਤੋਂ ਜੇਹਲਮ ਨਦੀ ਵਿਚ ਟਰਾਇਲ ਰਨ ਚਲ ਰਿਹਾ ਹੈ। ਸਮੁੰਦਰੀ ਯੰਤਰ ਫਰਮ ਸੁਖਨਾਗ ਇੰਟਰਪ੍ਰਾਈਜ਼ੇਜ ਨੇ ‘ਬੱਸ ਬੋਟ’ ਤੋਂ ਇਲਾਵਾ ਜੇਹਲਮ ਨਦੀ ਵਿਚ 10-12 ਸੀਟਰ ਲਗਜ਼ਰੀ ਪੋਂਟੂਨ ਬੋਟ ਅਤੇ 14 ਸੀਟਰ ਰੈਸਕਿਊ ਬੋਟ ਵੀ ਚਾਲੂ ਕੀਤੀ ਹੈ। ਪੋਂਟੂਨ ਕਿਸ਼ਤੀ ਨੂੰ ਅਮਰੀਕਾ ਤੋਂ ਇੱਥੇ ਭੇਜਿਆ ਗਿਆ ਹੈ।
ਸੁਖਨਾਗ ਇੰਟਰਪ੍ਰਾਈਜ਼ੇਜ ਦੇ ਡਾਇਰੈਕਟਰ ਇਮਰਾਨ ਮਲਿਕ ਮੁਤਾਬਕ ਬੱਸ ਬੋਟ ਨੂੰ ਨਿਊਜ਼ੀਲੈਂਡ ਦੀ ਮੈਕ ਨਾਮ ਦੀ ਕੰਪਨੀ ਤੋਂ ਖਰੀਦਿਆ ਗਿਆ ਸੀ। ਇਸ ਨਵੇਂ ਵਿਕਾਸਾਤਮਕ ਕਦਮ ਦਾ ਉਦੇਸ਼ ਜੇਹਲਮ ਨਦੀ ਵਿਚ ਦਹਾਕਿਆਂ ਪੁਰਾਣੀ ਜਲ ਟਰਾਂਸਪੋਰ ਸੰਸਕ੍ਰਿਤੀ ਨੂੰ ਮੁੜ ਸੁਰਜੀਤ ਕਰਨਾ ਹੈ। ਇਹ ਕਸ਼ਮੀਰ ਦੀ ਪਹਿਚਾਣ ਅਤੇ ਵਿਰਾਸਤ ਹੈ।
ਇਹ ਹਨ ਬਸ ਬੋਟ ਦੀਆਂ ਖਾਸੀਅਤਾਂ—
ਇਮਰਾਨ ਮੁਤਾਬਕ ਇਸ ਕਿਸ਼ਤੀ ਨੂੰ ਲੋਕਾਂ ਦੀਆਂ ਮੌਜੂਦਾ ਜ਼ਰੂਰਤਾਂ ਨੂੰ ਧਿਆਨ ’ਚ ਰੱਖ ਕੇ ਬਣਾਇਆ ਗਿਆ ਹੈ। ਇਸ ’ਚ ਏਅਰ ਕੰਡੀਸ਼ਨ, ਸੰਗੀਤ ਸਿਸਟਮ ਅਤੇ ਟੈਲੀਵਿਜ਼ਨ ਵੀ ਲੱਗੇ ਹੋਏ ਹਨ। ਬੋਟ ਦੇ ਚਾਲਕ ਗੌਤਮ ਬਾਸਲੀ ਮੁਤਾਬਕ ਇਹ ਫਾਈਬਰਗਲਾਸ ਵਾਲੀ ਬੋਟ ਹੈ। ਇਹ ਸਾਰੀਆਂ ਸਹੂਲਤਾਂ ਨਾਲ ਲੈੱਸ ਹੈ। ਇਸ ਦਾ ਜ਼ਿਆਦਾ ਫਾਇਦਾ ਇਹ ਵੀ ਹੈ ਕਿ ਬੋਟ ਅੰਦਰ 10 ਤੋਂ 12 ਲੋਕਾਂ ਦੇ ਸੰਮੇਲਨ ਵਾਂਗ ਬੈਠਕ ਕੀਤੀ ਜਾ ਸਕਦੀ ਹੈ। ਆਸ ਕੀਤੀ ਜਾਂਦੀ ਹੈ ਕਿ ਲਗਜ਼ਰੀ ਬੱਸ ਬੋਟ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਜੰਮੂ-ਕਸ਼ਮੀਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਮੁੱਖ ਭੂੂਮਿਕਾ ਅਦਾ ਕਰੇਗੀ।