ਜੰਮੂ-ਕਸ਼ਮੀਰ ''ਚ ਲਸ਼ਕਰ-ਏ-ਤੋਇਬਾ ਦਾ ਇਕ ਅੱਤਵਾਦੀ ਗ੍ਰਿਫਤਾਰ
Saturday, Nov 02, 2019 - 01:29 PM (IST)

ਸ਼੍ਰੀਨਗਰ— ਕਸ਼ਮੀਰ ਵਿਚ ਫੌਜ ਅਤੇ ਪੁਲਸ ਨੂੰ ਸਫਲਤਾ ਹੱਥ ਲੱਗੀ ਹੈ। ਫੌਜ ਅਤੇ ਪੁਲਸ ਵਲੋਂ ਚਲਾਏ ਗਏ ਸੰਯੁਕਤ ਆਪਰੇਸ਼ਨ ਦੌਰਾਨ ਜੰਮੂ-ਕਸ਼ਮੀਰ ਦੇ ਸੋਪੋਰ 'ਚ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਅੱਤਵਾਦੀ ਕੋਲੋਂ ਟੀਮ ਨੇ ਹਥਿਆਰ ਵੀ ਬਰਾਮਦ ਕੀਤੇ ਹਨ। ਅੱਤਵਾਦੀ, ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਹੈ। ਇੱਥੇ ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਘਾਟੀ ਵਿਚ ਸਰਗਰਮ ਅੱਤਵਾਦੀ ਸੰਗਠਨ ਪੁਲਸ ਅਤੇ ਫੌਜ ਦੇ ਜਵਾਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਬਾਜ਼ ਨਹੀਂ ਆ ਰਹੇ ਹਨ। ਲਸ਼ਕਰ ਦੇ ਇਸ ਅੱਤਵਾਦੀ ਦੀ ਗ੍ਰਿਫਤਾਰੀ ਤੋਂ ਬਾਅਦ ਅਧਿਕਾਰੀਆਂ ਨੂੰ ਉਸ ਤੋਂ ਅੱਤਵਾਦੀ ਸੰਗਠਨ ਦੇ ਅਗਲੇ ਮੂਵਮੈਂਟ ਦੀ ਜਾਣਕਾਰੀ ਮਿਲ ਸਕਦੀ ਹੈ। ਉਸ ਦੀ ਪਛਾਣ ਸੋਪੋਰ ਵਾਸੀ ਦਾਨਿਸ਼ ਅਹਿਮਦ ਚੰਨਾ ਦੇ ਰੂਪ ਵਿਚ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਅੱਤਵਾਦੀ ਸੰਗਠਨਾਂ 'ਚ ਬੌਖਲਾਹਟ ਹੈ। ਘਾਟੀ ਵਿਚ ਅਸ਼ਾਂਤੀ ਫੈਲਾਉਣ ਲਈ ਅੱਤਵਾਦੀ ਸੰਗਠਨ ਵੱਡਾ ਹਮਲਾ ਕਰਨ ਦੀ ਕੋਸ਼ਿਸ਼ ਵਿਚ ਹਨ। ਫੌਜ ਅਤੇ ਜੰਮੂ-ਕਸ਼ਮੀਰ ਪੁਲਸ ਵਲੋਂ ਅੱਤਵਾਦੀਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੀ ਵਜ੍ਹਾ ਕਰ ਕੇ ਹੁਣ ਤਕ ਅੱਤਵਾਦੀ ਸੰਗਠਨ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਨਹੀਂ ਦੇ ਸਕੇ ਹਨ।