ਜੰਮੂ-ਕਸ਼ਮੀਰ ''ਚ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਗੋਲੀਬਾਰੀ, ਫ਼ੌਜ ਵਲੋਂ ਤਲਾਸ਼ੀ ਸ਼ੁਰੂ
Wednesday, Jul 17, 2024 - 11:44 AM (IST)
ਜੰਮੂ- ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਇਕ ਜੰਗਲਾਤ ਖੇਤਰ 'ਚ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਵਿਚਾਲੇ 4 ਘੰਟਿਆਂ ਦੇ ਅੰਦਰ ਦੋ ਵਾਰ ਗੋਲੀਬਾਰੀ ਹੋਈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਾਮ ਰੱਖਿਆ ਗਾਰਡ ਨੇ ਵੀ ਪਿੰਡ ਦੇ ਬਾਹਰ ਸ਼ੱਕੀ ਗਤੀਵਿਧੀਆਂ ਵਿਖਾਈ ਦੇਣ 'ਤੇ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਦੇਸਾ ਜੰਗਲਾਤ ਖੇਤਰ ਵਿਚ ਜਾਰੀ ਅੱਤਵਾਦ ਰੋਕੂ ਮੁਹਿੰਮ ਦੌਰਾਨ ਦੇਰ ਰਾਤ ਦੋ ਵਜੇ ਪੰਚਨ ਭਾਟਾ ਕੋਲ ਗੋਲੀਬਾਰੀ ਹੋਈ। ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨ ਰਾਤ ਨੂੰ ਇੱਥੇ ਹੀ ਫ਼ੌਜ ਦੇ 4 ਜਵਾਨ ਸ਼ਹੀਦ ਹੋ ਗਏ ਸਨ।
ਅਧਿਕਾਰੀਆਂ ਮੁਤਾਬਕ ਗੋਲੀਬਾਰੀ ਦੀਆਂ ਦੋਹਾਂ ਘਟਨਾਵਾਂ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀ ਹਨ੍ਹੇਰੇ, ਸੌੜੇ ਇਲਾਕੇ ਅਤੇ ਸੰਘਣੇ ਜੰਗਲਾਂ ਦਾ ਫਾਇਦਾ ਚੁੱਕ ਕੇ ਦੌੜ ਗਏ। ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ 'ਤੇ ਰਾਸ਼ਟਰੀ ਰਾਈਫਲਜ਼ ਅਤੇ ਜੰਮੂ-ਕਸ਼ਮੀਰ ਪੁਲਸ ਦੀ ਵਿਸ਼ੇਸ਼ ਮੁਹਿੰਮ ਦਲ ਦੇ ਜਵਾਨਾਂ ਨੇ ਸੋਮਵਾਰ ਦੇਰ ਸ਼ਾਮ ਡੋਡਾ ਸ਼ਹਿਰ ਤੋਂ ਲੱਗਭਗ 55 ਕਿਲੋਮੀਟਰ ਦੂਰ ਦੇਸਾ ਜੰਗਲਾਤ ਖੇਤਰ ਦੇ ਧਾਰੀ ਗੋਟ ਉਰਬਾਗੀ ਵਿਚ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਖ਼ਰਾਬ ਮੌਸਮ ਹੈ ਅਤੇ ਇਲਾਕਾ ਸੌੜਾ ਹੈ, ਇਸ ਦੇ ਬਾਵਜੂਦ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਅੱਤਵਾਦੀ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਹੋਏ ਹਨ। ਸਰਹੱਦ ਪਾਰ ਤੋਂ ਘੁਸਪੈਠ ਕਰ ਕੇ ਜੰਗਲਾਤ ਖੇਤਰ ਵਿਚ ਲੁੱਕੇ ਅੱਤਵਾਦੀਆਂ ਦੇ ਸਫਾਏ ਲਈ ਫ਼ੌਜ ਨੇ ਪੈਰਾ ਕਮਾਂਡੋ ਨਾਲ ਤਲਾਸ਼ੀ ਮੁਹਿੰਮ ਤੇਜ਼ ਕਰ ਰਹੀ ਹੈ। ਇਸ ਵਿਚ ਡਰੋਨ ਅਤੇ ਹੈਲੀਕਾਪਟਰ ਦੀ ਵੀ ਮਦਦ ਲਈ ਜਾ ਰਹੀ ਹੈ। ਫ਼ੌਜ ਨੇ ਕਿਹਾ ਕਿ ਉੱਤਰੀ ਕਮਾਨ ਦੀਆਂ ਸਾਰੀਆਂ ਇਕਾਈਆਂ ਜੰਮੂ-ਕਸ਼ਮੀਰ ਵਿਚ ਅੱਤਵਾਦ ਦੇ ਸੰਕਟ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ ਅਤੇ ਇਸ ਲਈ ਮੁਹਿੰਮ ਜਾਰੀ ਰਹੇਗੀ।