ਜੰਮੂ-ਕਸ਼ਮੀਰ: ਸੁਰੱਖਿਆ ਦਸਤਿਆਂ ਨਾਲ ਮੁਕਾਬਲੇ ’ਚ ਅੱਤਵਾਦੀ ਢੇਰ, ਜਵਾਨ ਜ਼ਖਮੀ

09/22/2020 11:03:01 AM

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਬੜਗਾਮ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਘੇਰਾਬੰਦੀ ਅਤੇ ਤਲਾਸ਼ੀ ਮੁੁਹਿੰਮ ਦੌਰਾਨ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ ਵਿਚ ਇਕ ਅੱਤਵਾਦੀ ਮਾਰਿਆ ਗਿਆ। ਇਸ ਮੁਕਾਬਲੇ ਵਿਚ ਸੁਰੱਖਿਆ ਦਸਤੇ ਦਾ ਇਕ ਜਵਾਨ ਜ਼ਖਮੀ ਹੋ ਗਿਆ। ਇਕ ਪੁਲਸ ਬੁਲਾਰੇ ਨੇ ਦੱਸਿਆ ਕਿ ਇਹ ਮੁਕਾਬਲਾ ਸੋਮਵਾਰ ਦੇਰ ਰਾਤ ਸ਼ੁਰੂ ਹੋਇਆ ਅਤੇ ਆਖ਼ਰੀ ਰਿਪੋਰਟ ਮਿਲਣ ਤੱਕ ਜਾਰੀ ਸੀ। ਮੁਕਾਬਲੇ ਦੌਰਾਨ ਅੱਤਵਾਦੀ ਅੱਜ ਸਵੇਰੇ ਮਾਰਿਆ ਗਿਆ, ਜਦਕਿ ਇਕ ਜਵਾਨ ਕੱਲ ਰਾਤ ਜ਼ਖਮੀ ਹੋਇਆ ਸੀ। 

ਅੱਤਵਾਦੀਆਂ ਦੀ ਮੌਜੂਦਗੀ ਦੀ ਖ਼ੁਫੀਆ ਸੂਚਨਾ ਦੇ ਆਧਾਰ ’ਤੇ ਜੰਮੂ-ਕਸ਼ਮੀਰ ਪੁਲਸ ਦੀ ਵਿਸ਼ੇਸ਼ ਮੁਹਿੰਮ ਸਮੂਹ, ਰਾਸ਼ਟਰੀ ਰਾਈਫਲਜ਼ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਜਵਾਨਾਂ ਨੇ ਬੜਗਾਮ ਦੇ ਨੌਹਰਦ ਅਤੇ ਚਰਾਰ-ਏ-ਸ਼ਰੀਫ ਵਿਚ ਸੋਮਵਾਰ ਰਾਤ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਦਸਤਿਆਂ ਦੇ ਜਵਾਨ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਘਰ-ਘਰ ਤਲਾਸ਼ੀ ਲੈ ਰਹੇ ਸਨ। ਇਸ ਦੌਰਾਨ ਜਦੋਂ ਉਹ ਇਕ ਮਕਾਨ ਵੱਲ ਅੱਗੇ ਵਧ ਰਹੇ ਸਨ ਤਾਂ ਉੱਥੇ ਲੁੱਕੇ ਅੱਤਵਾਦੀਆਂ ਨੇ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਦਸਤਿਆਂ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਨਾਲ ਮੁਕਾਬਲਾ ਸ਼ੁਰੂ ਹੋ ਗਿਆ।

ਉਨ੍ਹਾਂ ਨੇ ਦੱਸਿਆ ਕਿ ਗੋਲੀਬਾਰੀ ’ਚ ਇਕ ਜਵਾਨ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਂਵਾਂ ’ਤੇ ਪਹੁੰਚਣ ਦਾ ਨਿਰਦੇਸ਼ ਦਿੱਤਾ ਗਿਆ ਅਤੇ ਵਾਧੂ ਸੁਰੱਖਿਆ ਦਸਤਿਆਂ ਨੂੰ ਮੁਕਾਬਲੇ ਵਾਲੀ ਥਾਂ ’ਤੇ ਤਾਇਨਾਤ ਕੀਤਾ ਗਿਆ। ਰਾਤ ਭਰ ਦੋਹਾਂ ਵਲੋਂ ਗੋਲੀਬਾਰੀ ਬੰਦ ਰਹੀ ਪਰ ਸਵੇਰ ਹੁੰਦੇ ਹੀ ਮੁਹਿੰਮ ਫਿਰ ਸ਼ੁਰੂ ਹੋ ਗਈ। ਮੁਕਾਬਲੇ ਵਿਚ ਇਕ ਅੱਤਵਾਦੀ ਮਾਰਿਆ ਗਿਆ ਹੈ, ਜਿਸ ਦੀ ਅਜੇ ਤਕ ਪਹਿਚਾਣ ਨਹੀਂ ਹੋ ਸਕੀ ਹੈ। 


Tanu

Content Editor

Related News