ਅੰਤਿਮ ਸੰਸਕਾਰ ਸਮੇਂ ਪਿਆ ਭੜਥੂ, ਕੋਰੋਨਾ ਪੀੜਤ ਦੀ ਅਧਸੜੀ ਲਾਸ਼ ਲੈ ਕੇ ਦੌੜਿਆ ਪਰਿਵਾਰ

06/02/2020 6:34:27 PM

ਜੰਮੂ (ਭਾਸ਼ਾ)— ਜੰਮੂ 'ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੀ ਵਜ੍ਹਾ ਕਰ ਕੇ ਮਰੇ ਵਿਅਕਤੀ ਦੇ ਅੰਤਿਮ ਸੰਸਕਾਰ ਦੇ ਸਮੇਂ ਭੀੜ ਨੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਚਿਖਾ ਉਪਰੋਂ ਅਧਸੜੀ ਲਾਸ਼ ਲੈ ਕੇ ਉੱਥੋਂ ਦੌੜਨਾ ਪਿਆ। ਬਾਅਦ 'ਚ ਪ੍ਰਸ਼ਾਸਨ ਦੀ ਦਖਲ ਅੰਦਾਜ਼ੀ ਤੋਂ ਬਾਅਦ ਦੂਜੀ ਥਾਂ 'ਤੇ ਨਿਯਮਾਂ ਮੁਤਾਬਕ ਲਾਸ਼ ਦਾ ਸਸਕਾਰ ਕਰਾਇਆ ਗਿਆ। ਮ੍ਰਿਤਕ ਦੇ ਬੇਟੇ ਮੁਤਾਬਕ ਡੋਡਾ ਜ਼ਿਲੇ ਦੇ ਰਹਿਣ ਵਾਲੇ ਉਸ ਦੇ 72 ਸਾਲਾ ਪਿਤਾ ਦੀ ਸੋਮਵਾਰ ਨੂੰ ਜੰਮੂ ਸਥਿਤ ਸਰਕਾਰੀ ਹਸਪਤਾਲ 'ਚ ਕੋਵਿਡ-19 ਦੀ ਵਜ੍ਹਾ ਕਰ ਕੇ ਮੌਤ ਹੋ ਗਈ ਸੀ। ਜੰਮੂ ਡਵੀਜ਼ਨ ਵਿਚ ਕੋਵਿਡ-19 ਤੋਂ ਇਹ ਚੌਥੀ ਮੌਤ ਹੈ। 

ਬੇਟੇ ਨੇ ਕਿਹਾ ਕਿ ਅਸੀਂ ਇਕ ਮਾਲੀਆ ਅਧਿਕਾਰੀ ਅਤੇ ਡਾਕਟਰੀ ਟੀਮ ਨਾਲ ਅੰਤਿਮ ਸੰਸਕਾਰ ਕਰ ਰਹੇ ਸੀ। ਸ਼ਮਸ਼ਾਨ ਘਾਟ 'ਤੇ ਚਿਖਾ ਨੂੰ ਮੁੱਖ ਅਗਨੀ ਦਿੱਤੀ ਹੀ ਗਈ ਸੀ, ਤਾਂ ਵੱਡੀ ਗਿਣਤੀ ਵਿਚ ਸਥਾਨਕ ਲੋਕ ਉੱਥੇ ਆ ਗਏ ਅਤੇ ਅੰਤਿਮ ਸੰਸਕਾਰ ਨੂੰ ਰੋਕਿਆ ਗਿਆ। ਅੰਤਿਮ ਸੰਸਕਾਰ ਦੇ ਸਮੇਂ ਮ੍ਰਿਤਕ ਦੀ ਪਤਨੀ ਅਤੇ ਦੋ ਪੁੱਤਰਾਂ ਸਮੇਤ ਕੁਝ ਕਰੀਬੀ ਰਿਸ਼ਤੇਦਾਰ ਹੀ ਸਨ। ਜਦੋਂ ਭੀੜ ਨੇ ਪਥਰਾਅ ਕੀਤਾ ਅਤੇ ਡੰਡਿਆਂ ਨਾਲ ਹਮਲਾ ਕੀਤਾ ਤਾਂ ਪਰਿਵਾਰ ਚਿਖਾ ਤੋਂ ਅਧਸੜੀ ਲਾਸ਼ ਐਂਬੂਲੈਂਸ 'ਚ ਰੱਖ ਕੇ ਉੱਥੋਂ ਦੌੜੇ। 

ਮ੍ਰਿਤਕ ਦੇ ਬੇਟੇ ਨੇ ਕਿਹਾ ਕਿ ਅਸੀਂ ਆਪਣੇ ਗ੍ਰਹਿ ਜ਼ਿਲੇ ਵਿਚ ਅੰਤਿਮ ਸੰਸਕਾਰ ਕਰਨ ਲਈ ਸਰਕਾਰ ਤੋਂ ਆਗਿਆ ਲਈ ਸੀ ਪਰ ਅਧਿਕਾਰੀਆਂ ਨੇ ਕਿਹਾ ਕਿ ਜਿੱਥੇ ਮੌਤ ਹੋਈ ਹੈ, ਉੱਥੇ ਹੀ ਅੰਤਿਮ ਸੰਸਕਾਰ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਅੰਤਿਮ ਸੰਸਕਾਰ ਵਿਚ ਕੋਈ ਰੁਕਾਵਟ ਪੈਦਾ ਨਹੀਂ ਹੋਵੇਗੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਮੌਕੇ 'ਤੇ ਮੌਜੂਦ ਸੁਰੱਖਿਆ ਕਾਮਿਆਂ ਨੇ ਵੀ ਕੋਈ ਮਦਦ ਨਹੀਂ ਕੀਤੀ। ਘਟਨਾ ਵਾਲੀ ਥਾਂ 'ਤੇ ਦੋ ਪੁਲਸ ਮੁਲਾਜ਼ਮ ਵੀ ਸਨ ਪਰ ਭੀੜ ਵਿਰੁੱਧ ਕਾਰਵਾਈ ਕਰਨ 'ਚ ਉਹ ਨਾਕਾਮ ਰਹੇ। ਉੱਥੇ ਹੀ ਉਨ੍ਹਾਂ ਨਾਲ ਮੌਜੂਦ ਮਾਲੀਆ ਅਧਿਕਾਰੀ ਗਾਇਬ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਐਂਬੂਲੈਂਸ ਡਰਾਈਵਰ ਅਤੇ ਹਸਪਤਾਲ ਦੇ ਕਾਮਿਆਂ ਨੇ ਸਾਡੀ ਬਹੁਤ ਮਦਦ ਕੀਤੀ ਅਤੇ ਲਾਸ਼ ਨਾਲ ਸਾਨੂੰ ਹਸਪਤਾਲ ਲੈ ਗਏ। ਬਾਅਦ ਵਿਚ ਲਾਸ਼ ਨੂੰ ਜੰਮੂ ਦੇ ਭਗਵਤੀ ਨਗਰ ਇਲਾਕੇ ਸਥਿਤ ਸ਼ਮਸ਼ਾਨ ਜ਼ਮੀਨ ਲਿਜਾਇਆ ਗਿਆ ਅਤੇ ਐਡੀਸ਼ਨਲ ਡਿਪਟੀ ਕਮਿਸ਼ਨਰ, ਐੱਸ. ਡੀ. ਐੱਮ. ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਅੰਤਿਮ ਸੰਸਕਾਰ ਕਰਵਾਇਆ ਗਿਆ।


Tanu

Content Editor

Related News