ਪਾਕਿ ''ਚ ਘੱਟ ਗਿਣਤੀ ਭਾਈਚਾਰਿਆਂ ''ਤੇ ਹੋ ਰਹੇ ਤਸ਼ੱਦਦ ਰੋਕਣ ਲਈ UN ਦੇਵੇ ਦਖ਼ਲ : IWF
Wednesday, Sep 23, 2020 - 05:33 PM (IST)
ਇਸਲਾਮਾਬਾਦ- ਭਾਰਤੀ ਵਰਲਡ ਫੋਰਮ (ਆਈ. ਡਬਲਯੂ. ਐੱਫ.) ਨੇ ਪਾਕਿਸਤਾਨ ਵਿਚ ਘੱਟ ਗਿਣਤੀਆਂ 'ਤੇ ਹੋ ਰਹੇ ਅੱਤਿਆਚਾਰਾਂ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ. ਐੱਨ. ਐੱਸ. ਸੀ.) ਦੇ ਫੌਰੀ ਦਖਲ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਘੋਰ ਅਪਰਾਧ ਅੰਤਰਰਾਸ਼ਟਰੀ ਸ਼ਾਂਤੀ ਲਈ ਖਤਰਾ ਹੈ। ਵੱਖ-ਵੱਖ ਦੇਸ਼ਾਂ ਵਿਚ ਕਲਾ, ਸੱਭਿਆਚਾਰ ਅਤੇ ਵਪਾਰ ਨੂੰ ਉਤਸ਼ਾਹਤ ਕਰਨ ਲਈ ਕੰਮ ਕਰ ਰਹੀ ਸੰਸਥਾ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਆਪਣੀਆਂ ਵੱਖ-ਵੱਖ ਏਜੰਸੀਆਂ ਸਣੇ ਆਪਣੀਆਂ ਹਥਿਆਰਬੰਦ ਸੈਨਾਵਾਂ ਅਤੇ ਹੋਰ ਸੰਗਠਨਾਂ ਵਲੋਂ ਕਈ ਮੌਕਿਆਂ 'ਤੇ ਭਾਰਤ ਵਿਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਲਈ ਅੱਤਵਾਦੀ ਗਤੀਵਿਧੀਆਂ ਦਾ ਸਮਰਥਨ ਕਰਦਾ ਹੈ ਅਤੇ ਫੰਡ ਦਿੰਦਾ ਹੈ।
ਸੁਰੱਖਿਆ ਕੌਂਸਲ ਦੇ ਪ੍ਰਧਾਨ ਅਬਦੁ ਅਬੈਰੀ ਅਤੇ ਆਈ. ਡਬਲਯੂ. ਐੱਫ. ਦੇ ਸੱਕਤਰ-ਜਨਰਲ ਪੁਨੀਤ ਸਿੰਘ ਚੰਧੋਕ ਨੇ ਸੋਮਵਾਰ ਨੂੰ ਇਕ ਪੱਤਰ ਵਿਚ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਅਟਕ ਜ਼ਿਲ੍ਹੇ ਦੀ ਰਹਿਣ ਵਾਲੀ ਇਕ ਸਿੱਖ ਲੜਕੀ ਮਨਮੀਤ ਕੌਰ ਬੁਲਬੁਲ ਦੇ ਮਾਮਲੇ ਬਾਰੇ ਚਾਨਣਾ ਪਾਇਆ, ਜਿਸ ਦਾ ਕਹਿਣਾ ਹੈ ਕਿ ਉਸ ਨੂੰ 15 ਕੁ ਦਿਨ ਪਹਿਲਾਂ ਉਸ ਦੇ ਘਰੋਂ ਅਗਵਾ ਕੀਤਾ ਗਿਆ ਅਤੇ ਬਾਅਦ ਵਿਚ ਇਕ ਸਥਾਨਕ ਮੁਸਲਿਮ ਨੌਜਵਾਨ ਨਾਲ ਜ਼ਬਰਦਸਤੀ ਵਿਆਹ ਕਰਵਾਇਆ ਗਿਆ। ਭਾਰਤੀ ਫੋਰਮ ਨੇ ਅਪੀਲ ਕੀਤੀ ਹੈ ਕਿ ਪਾਕਿਸਤਾਨ ਵਿਚ ਘੱਟ ਗਿਣਤੀ ਲੋਕਾਂ 'ਤੇ ਹੋ ਰਹੇ ਤਸ਼ੱਦਦਾਂ ਨੂੰ ਰੋਕਣ ਲਈ ਕੋਈ ਸਖ਼ਤ ਕਾਰਵਾਈ ਕੀਤੀ ਜਾਵੇ।
ਪਾਕਿਸਤਾਨ ਵਿਚ ਰਹਿ ਰਹੇ ਘੱਟ ਗਿਣਤੀ ਲੋਕਾਂ 'ਤੇ ਬਹੁਤ ਤਸ਼ੱਦਦ ਕੀਤਾ ਜਾਂਦਾ ਹੈ, ਜੋ ਅੰਤਰਰਾਸ਼ਟਰੀ ਸ਼ਾਂਤੀ ਲਈ ਖ਼ਤਰਾ ਹਨ। ਉਨ੍ਹਾਂ ਲਿਖਿਆ ਕਿ ਅਗਵਾ ਕਰਨ ਤੋਂ ਲੈ ਕੇ ਜਵਾਨ ਲੜਕੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਤੱਕ ਹੋਣ ਵਾਲੇ ਅੱਤਿਆਚਾਰ ਚਿੰਤਾ ਦਾ ਵਿਸ਼ਾ ਹਨ । ਇਸ ਦੇ ਇਲਾਵਾ ਘੱਟ ਗਿਣਤੀਆਂ ਦੀ ਜਨਸੰਖਿਆ ਵਿਚ ਕਮੀ, ਸੰਯੁਕਤ ਰਾਸ਼ਟਰ ਦੇ ਚਾਰਟਰ ਵਿਚ ਪਾਕਿਸਤਾਨ ਦੀ ਪਾਲਣਾ ਦੀ ਘਾਟ ਨੂੰ ਦਰਸਾਉਂਦੀ ਹੈ।
ਉਨ੍ਹਾਂ ਕਿਹਾ ਕਿ ਖੈਬਰ ਪਖਤੂਨਖਵਾ, ਪੰਜਾਬ ਅਤੇ ਸਿੰਧ ਸੂਬਿਆਂ ਵਿਚ ਰਹਿਣ ਵਾਲੀਆਂ ਬਹੁਤ ਸਾਰੀਆਂ ਲੜਕੀਆਂ ਲਾਪਤਾ ਜਾਂ ਅਗਵਾ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਦਾ ਜਿਣਸੀ ਸ਼ੋਸ਼ਣ ਕੀਤਾ ਜਾਂਦਾ ਹੈ, ਜਿਸ ਨੂੰ ਸਖ਼ਤੀ ਨਾਲ ਰੋਕਣ ਦੀ ਜ਼ਰੂਰਤ ਹੈ।