ਭਗਵਾਨ ਰਾਮ ਨਾਲ ਗਾਂਧੀ ਪਰਿਵਾਰ ਦੀ ਤੁਲਨਾ ਕਰਨਾ ਪ੍ਰਿਯੰਕਾ ਦਾ ਹੰਕਾਰ : ਅਨੁਰਾਗ

03/28/2023 10:58:30 AM

ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਕਿਹਾ ਕਿ ਕਾਂਗਰਸ ਦੀ ਨੇਤਾ ਪ੍ਰਿਯੰਕਾ ਗਾਂਧੀ ਵਢੇਰਾ ਦਾ ਇਹ ਹੰਕਾਰ ਹੀ ਹੈ ਜਿਸ ਕਾਰਨ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਤੁਲਨਾ ਭਗਵਾਨ ਰਾਮ ਦੇ ਵੰਸ਼ ਨਾਲ ਕੀਤੀ।

ਲੋਕ ਸਭਾ ਦੇ ਮੈਂਬਰ ਦੇ ਰੂਪ ’ਚ ਰਾਹੁਲ ਗਾਂਧੀ ਨੂੰ ਅਯੋਗ ਐਲਾਨੇ ਜਾਣ ਦੇ ਵਿਰੋਧ ’ਚ ਐਤਵਾਰ ਨੂੰ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਕਾਂਗਰਸ ਨੂੰ ‘ਵੰਸ਼ਵਾਦੀ’ ਪਾਰਟੀ ਕਹਿਣ ਨੂੰ ਲੈ ਕੇ ਭਾਜਪਾ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਪੁੱਛਿਆ ਸੀ ਕਿ ਉਹ ਸਾਡੇ ’ਤੇ ਵੰਸ਼ਵਾਦ ਦਾ ਦੋਸ਼ ਲਾਉਂਦੇ ਹਨ, ਤਾਂ ਭਗਵਾਨ ਰਾਮ ਕੀ ਸਨ? ਜਦੋਂ ਉਨ੍ਹਾਂ ਨੂੰ ਬਨਵਾਸ ਹੋਇਆ ਤਾਂ ਵੀ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਮਾਤ ਭੂਮੀ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕੀਤਾ। ਕੀ ਇਹ ਵੰਸ਼ਵਾਦ ਸੀ?

ਅਨੁਰਾਗ ਠਾਕੁਰ ਨੇ ਕਿਹਾ ਕਿ ਭਗਵਾਨ ਰਾਮ ਅਤੇ ਗਾਂਧੀ ਪਰਿਵਾਰ ਦੀ ਤੁਲਨਾ ਕਰਨ ਤੋਂ ਵੱਧ ਮੰਦਭਾਗਾ ਹੋਰ ਕੁਝ ਨਹੀਂ ਹੋ ਸਕਦਾ। ਉਨ੍ਹਾਂ ਕਿਹਾ, “ਹੇ ਪ੍ਰਭੂ! ਇਹ ਦਿਨ ਭਾਰਤ ਲਈ ਦੇਖਣਾ ਰਹਿ ਗਿਆ ਸੀ। ਇਕ ਪਰਿਵਾਰ ਜੋ ਖੁਦ ਨੂੰ ਲੋਕਤੰਤਰ, ਸੰਸਦ ਅਤੇ ਦੇਸ਼ ਤੋਂ ਉੱਪਰ ਮੰਨਦਾ ਹੈ, ਉਹ ਆਪਣੀ ਤੁਲਨਾ ਭਗਵਾਨ ਰਾਮ ਨਾਲ ਕਰ ਰਿਹਾ ਹੈ।’’

ਅਨੁਰਾਗ ਠਾਕੁਰ ਨੇ ਪ੍ਰਿਯੰਕਾ ਦੀ ਰੈਲੀ ’ਚ ਕੀਤੀਆਂ ਟਿੱਪਣੀਆਂ ’ਤੇ ਪੁੱਛੇ ਗਏ ਸਵਾਲ ’ਤੇ ਸੰਸਦ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ ਕਿ ਇਹ ਭਰਾ-ਭੈਣ ਦਾ ਹੰਕਾਰ ਹੈ। ਪੂਰਾ ਦੇਸ਼ ਵੇਖ ਰਿਹਾ ਹੈ। ਦੇਸ਼ ਦੀ ਤਾਂ ਗੱਲ ਹੀ ਛੱਡੋ, ਹੁਣ ਇਹ ਭਗਵਾਨ ਰਾਮ ਨੂੰ ਵੀ ਨਹੀਂ ਬਖਸ਼ ਰਹੇ ਹਨ।


Rakesh

Content Editor

Related News