ਓਡੀਸ਼ਾ ਦੇ ਇੰਸਟੀਚਿਊਟ ’ਚ ਕਬਾੜ ਤੋਂ ਬਣਾਈ ਗਈ ਮਹਾਤਮਾ ਗਾਂਧੀ ਦੀ 6 ਫੁੱਟ ਉੱਚੀ ਮੂਰਤੀ
Sunday, Oct 02, 2022 - 05:52 PM (IST)
ਬੇਰਹਾਮਪੁਰ (ਓਡੀਸ਼ਾ)– ਕਬਾੜ ਤੋਂ ਬਣਾਈ ਗਈ ਮਹਾਤਮਾ ਗਾਂਧੀ ਦੀ 6 ਫੁੱਟ ਉੱਚੀ ਮੂਰਤੀ ਐਤਵਾਰ ਨੂੰ ਇੱਥੋਂ ਦੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.) ਦੇ ਕੰਪਲੈਕਸ ’ਚ ਸਥਾਪਿਤ ਕੀਤੀ ਗਈ। ਮੂਰਤੀ ਦਾ ਭਾਰ 105 ਕਿਲੋਗ੍ਰਾਮ ਹੈ ਅਤੇ ਗਾਂਧੀ ਜਯੰਤੀ ਮੌਕੇ ਰਾਸ਼ਟਰਪਿਤਾ ਨੂੰ ਸ਼ਰਧਾਂਜਲੀ ਦੇ ਤੌਰ ’ਤੇ ਸਥਾਪਿਤ ਕੀਤੀ ਗਈ।
ਇੰਟੀਚਿਊਟ ਦੇ ਪ੍ਰਿੰਸੀਪਲ ਰਜਤ ਕੁਮਾਰ ਪਾਣੀਗ੍ਰਹੀ ਨੇ ਦੱਸਿਆ ਕਿ ਮੂਰਤੀ ਨੂੰ 1600 ਬਿਜਲੀ ਦੇ ਪੱਖਿਆਂ ਦੇ ਬੇਅਰਿੰਗ, ਕਾਰ ਸੀਟ ਬੈਲਟ ਅਤੇ ਲੋਹੇ ਦੀਆਂ ਛੜਾਂ ਸਮੇਤ ਵੱਖ-ਵੱਖ ਕਬਾੜ ਵਸਤੂਆਂ ਨਾਲ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਟਰ ਅਤੇ ਵੈਲਡਰ ਇਕਾਈ ਦੇ 30 ਵਿਦਿਆਰਥੀਆਂ ਅਤੇ ਕੁਝ ਅਧਿਆਪਕਾਂ ਨੇ ਮਿਲ ਕੇ ਕਰੀਬ 30 ਦਿਨਾਂ ’ਚ ਇਹ ਮੂਰਤੀ ਬਣਾਈ ਹੈ।
ਉਨ੍ਹਾਂ ਦੱਸਿਆ ਕਿ ਮੂਰਤੀ ਦਾ ਸਰੀਰ ਅਤੇ ਕੱਪੜੇ ਨੂੰ ਪੱਖਿਆਂ ਦੇ ਬੇਅਰਿੰਗ ਨਾਲ ਬਣਾਇਆ ਗਿਆ ਹੈ, ਜੁੱਤਿਆਂ ਨੂੰ ਸੀਟ ਬੈਲਟ ਨਾਲ ਅਤੇ ਐਨਕ ਨੂੰ ਲੋਹੇ ਦੀ ਛੜ ਨਾਲ ਬਣਾਇਆ ਗਿਆ ਹੈ। ਪਾਣੀਗ੍ਰਹੀ ਨੇ ਦੱਸਿਆ ਕਿ ਸਾਡੇ ਵਿਦਿਆਰਥੀਆਂ ਨੇ ਇਲੈਕਟ੍ਰਿਕਲ ਵਰਕਸ਼ਾਪ ਅਤੇ ਆਟੋਮੋਬਾਈਲ ਗੈਰੇਜ ਤੋਂ ਸਕ੍ਰੈਪ ਆਈਟਮਾਂ ਲਈਆਂ। ਇਨ੍ਹਾਂ ਅਦਾਰਿਆਂ ਦੇ ਮਾਲਕਾਂ ਨੇ ਇਹ ਵਸਤੂਆਂ ਦਾਨ ’ਚ ਦਿੱਤੀਆਂ।