ITBP ਨੇ ਦਿੱਲੀ 'ਚ ਸਭ ਤੋਂ ਵੱਡੇ ਕੋਵਿਡ-19 ਦੇਖਭਾਲ ਕੇਂਦਰ ਦੀ ਜ਼ਿੰਮੇਵਾਰੀ ਸੰਭਾਲੀ
Wednesday, Jun 24, 2020 - 03:24 PM (IST)
ਨਵੀਂ ਦਿੱਲੀ- ਭਾਰਤ-ਤਿੱਬਤ ਸਰਹੱਦੀ ਪੁਲਸ ਨੇ ਦਿੱਲੀ 'ਚ 10,000 ਤੋਂ ਵਧ ਬਿਸਤਰਿਆਂ ਦੀ ਸਮਰੱਥਾ ਵਾਲੇ ਕੋਵਿਡ-19 ਕੇਂਦਰ ਦੀ ਦੇਖਰੇਖ ਦੀ ਜ਼ਿੰਮੇਵਾਰੀ ਬੁੱਧਵਾਰ ਨੂੰ ਸੰਭਾਲ ਲਿਆ। ਆਈ.ਟੀ.ਬੀ.ਪੀ. ਦੇ ਅਧਿਕਾਰੀਆਂ ਦੇ ਇਕ ਦਲ ਨੇ ਰਾਧਾ ਸਵਾਮੀ ਬਿਆਸ ਕੇਂਦਰ ਦਾ ਦੌਰਾ ਕੀਤਾ ਅਤੇ ਦਿੱਲੀ ਸਰਕਾਰ ਤੇ ਹੋਰ ਪੱਖਕਾਰਾਂ ਨਾਲ ਚਰਚਾ ਕੀਤੀ, ਜੋ ਇਸ ਕੇਂਦਰ ਨੂੰ ਚਲਾਉਣ 'ਚ ਸਾਂਝੇਦਾਰ ਹੋਣਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਇਸ ਕੇਂਦਰ ਦੀ ਜ਼ਿੰਮੇਵਾਰੀ ਆਈ.ਟੀ.ਬੀ.ਪੀ. ਨੂੰ ਸੌਂਪਿਆ ਗਿਆ ਹੈ। ਆਈ.ਟੀ.ਬੀ.ਪੀ. ਦੇ ਇਕ ਅਧਿਕਾਰੀ ਨੇ ਦੱਸਿਆ,''ਫੋਰਸ ਨੇ ਨਵੀਂ ਦਿੱਲੀ ਦੇ ਛੱਤਰਪੁਰ ਸਥਿਤ ਰਾਧਾ ਸਵਾਮੀ ਬਿਆਸ 'ਚ ਕੋਵਿਡ-19 ਦੇਖਭਾਲ ਕੇਂਦਰ ਦੀ ਜ਼ਿੰਮੇਵਾਰੀ ਬੁੱਧਵਾਰ ਨੂੰ ਸੰਭਾਲ ਲਈ।'' ਉਨ੍ਹਾਂ ਨੇ ਦੱਸਿਆ,''ਗ੍ਰਹਿ ਮੰਤਰਾਲੇ ਨੇ ਦਿੱਲੀ ਸਰਕਾਰ ਦੀ ਅਪੀਲ 'ਤੇ ਇਸ ਕੇਂਦਰ ਨੂੰ ਡਾਕਟਰਾਂ ਅਤੇ ਹੋਰ ਪੇਸ਼ੇਵਰਾਂ ਦੀ ਟੀਮ ਮੁਹੱਈਆ ਕਰਵਾਉਣ ਲਈ ਨੋਡਲ ਏਜੰਸੀ ਦੇ ਤੌਰ 'ਤੇ ਆਈ.ਟੀ.ਬੀ.ਪੀ. ਨੂੰ ਨਾਮਜ਼ਦ ਕੀਤਾ ਸੀ।''
ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਕੇਂਦਰ 'ਚ 26 ਜੂਨ ਤੋਂ 2000 ਬਿਸਤਰਿਆਂ ਦੀ ਸਹੂਲਤ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਦੱਸਿਆ ਕਿ ਬਿਸਤਰਿਆਂ ਦੀ ਕੁੱਲ ਸਮਰੱਥਾ 10,200 ਤੱਕ ਹੋ ਸਕਦੀ ਹੈ। ਇਹ ਦੇਸ਼ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ 'ਚ ਸਭ ਤੋਂ ਵੱਡਾ ਕੋਵਿਡ-19 ਦੇਖਭਾਲ ਕੇਂਦਰ ਹੋਵੇਗਾ। ਅਧਿਕਾਰੀ ਨੇ ਦੱਸਿਆ ਕਿ ਆਈ.ਟੀ.ਬੀ.ਪੀ. ਅਤੇ ਹੋਰ ਕੇਂਦਰੀ ਹਥਿਆਰਬੰਦ ਪੁਲਸ ਫੋਰਸ ਦੇ 1,000 ਤੋਂ ਵਧ ਡਾਕਟਰਾਂ ਅਤੇ 2 ਹਜ਼ਾਰ ਪੈਰਾ-ਡਾਕਟਰਾਂ ਅਤੇ ਸੁਰੱਖਿਆ ਕਾਮਿਆਂ ਨੂੰ ਇਸ ਕੇਂਦਰ 'ਚ ਤਾਇਨਾਤ ਕਰਨ ਦੀ ਉਮੀਦ ਹੈ। ਉਨ੍ਹਾਂ ਨੇ ਦੱਸਿਆ ਕਿ ਦੱਖਣੀ ਦਿੱਲੀ ਜ਼ਿਲ੍ਹਾ ਪ੍ਰਸ਼ਾਸਨ ਇਸ ਕੇਂਦਰ ਨੂੰ ਪ੍ਰਸ਼ਾਸਨਿਕ ਸਹਿਯੋਗ ਮੁਹੱਈਆ ਕਰਵਾਏਗਾ। ਆਈ.ਟੀ.ਬੀ.ਪੀ. ਦੇਸ਼ 'ਚ ਪਹਿਲਾ ਸੰਗਠਨ ਹੈ, ਜਿਸ ਨੇ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਲਈ 1000 ਬਿਸਤਰਿਆਂ ਵਾਲਾ ਕੁਆਰੰਟੀਨ ਕੇਂਦਰ ਬਣਾਇਆ। ਦੱਖਣ-ਪੱਛਮੀ ਦਿੱਲੀ ਦੇ ਛਾਵਲਾ ਇਲਾਕੇ 'ਚ ਸਥਿਤ ਕੇਂਦਰ 'ਚ ਕਰੀਬ 1200 ਲੋਕਾਂ ਦਾ ਇਲਾਜ ਕੀਤਾ ਗਿਆ, ਜਿਨ੍ਹਾਂ 'ਚੋਂ 42 ਵਿਦੇਸ਼ੀ ਸ਼ਾਮਲ ਹਨ, ਜਿਨ੍ਹਾਂ ਨੂੰ ਚੀਨ ਦੇ ਵੁਹਾਨ ਅਤੇ ਇਟਲੀ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ ਸੀ। ਇਹ ਕੇਂਦਰ ਹਾਲੇ ਵੀ ਚਾਲੂ ਹੈ ਅਤੇ ਆਈ.ਟੀ.ਬੀ.ਪੀ. ਦੇ ਉਨ੍ਹਾਂ ਜਵਾਨਾਂ ਦੀ ਦੇਖਭਾਲ ਕਰ ਰਿਹਾ ਹੈ, ਜੋ ਦੇਸ਼ਵਿਆਪੀ ਲਾਕਡਾਊਨ ਤੋਂ ਬਾਅਦ ਕੰਮ 'ਤੇ ਆ ਰਹੇ ਹਨ।