ਮੰਦਰ ਮਾਮਲੇ ਨਾਲ ਆਪਣੇ ਆਪ ਨੂੰ ਸ਼੍ਰੀ ਸ਼੍ਰੀ ਰਵੀਸ਼ੰਕਰ ਨਾ ਜੋੜਨ ਤਾਂ ਚੰਗਾ ਹੋਵੇਗਾ : ਨਰਿੰਦਰ ਗਿਰੀ

11/20/2017 9:16:13 AM

ਇਲਾਹਬਾਦ — ਇਤਿਹਾਸਕ ਰਾਮ ਜਨਮ ਭੂਮੀ- ਬਾਬਰੀ ਮਸਜਿਦ ਵਿਵਾਦ ਦੇ ਮਸਲੇ 'ਤੇ ਅਖਿਲ ਭਾਰਤੀਆ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਨਰਿੰਦਰ ਗਿਰੀ ਨੇ ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਨੂੰ ਨਸੀਹਤ ਦਿੰਦਿਆਂ ਕਿਹਾ, ''ਉਹ ਸਿਰਫ ਆਰਟ ਆਫ ਲਿਵਿੰਗ ਚਲਾਉਣ, ਮੰਦਰ ਮਾਮਲੇ 'ਚ ਆਪਣੇ ਆਪ ਨੂੰ ਨਾ ਜੋੜਨ ਤਾਂ ਚੰਗਾ ਹੋਵੇਗਾ।''
ਸ਼੍ਰੀ ਗਿਰੀ ਨੇ ਅੱਜ ਯੂ. ਐੱਨ. ਆਈ. ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਰਾਮ ਮੰਦਰ ਲਈ ਅੰਦੋਲਨ ਸ਼ੁਰੂ ਹੋਇਆ ਸੀ, ਉਦੋਂ ਸ਼੍ਰੀ ਸ਼੍ਰੀ ਰਵੀਸ਼ੰਕਰ ਜਾਂ ਉਨ੍ਹਾਂ ਦੇ ਅਹੁਦੇਦਾਰ ਕਿੱਥੇ ਸਨ? ਵਿਵਾਦਿਤ ਮਸਲੇ ਦੇ ਹੱਲ ਲਈ ਉਨ੍ਹਾਂ ਨੂੰ ਕਿਸੇ ਨੇ ਨਹੀਂ ਸੱਦਿਆ ਸੀ, ਉਹ ਆਪਣੇ ਆਪ ਨੂੰ ਖੁਦ ਸ਼ਾਮਲ ਕਰ ਰਹੇ ਸਨ। ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਅਤੇ ਸੰਤ ਮਹਾਤਮਾਵਾਂ ਦੇ ਬਗੈਰ ਮੰਦਰ ਦੀ ਉਸਾਰੀ ਸੰਭਵ ਨਹੀਂ। 
ਪ੍ਰੀਸ਼ਦ ਦੇ ਪ੍ਰਧਾਨ ਨੇ ਕਿਹਾ ਕਿ ਸ਼੍ਰੀ ਸ਼੍ਰੀ ਰਵੀਸ਼ੰਕਰ ਰਾਮ ਮੰਦਰ ਮੁੱਦੇ ਨਾਲ ਆਪਣੇ ਆਪ ਨੂੰ ਜੋੜ ਕੇ ਸਿਰਫ ਜਨਤਾ ਦਰਮਿਆਨ ਪ੍ਰਚਾਰ ਹਾਸਲ ਕਰਨਾ ਚਾਹੁੰਦੇ ਹਨ। ਦਵਾਈਆਂ ਵੇਚਦੇ ਹਨ, ਇਸ ਲਈ ਲਈ ਘੁੰਮ-ਘੁਮਾ ਕੇ ਉਨ੍ਹਾਂ ਦਾ ਪ੍ਰਚਾਰ ਕਰ ਰਹੇ ਹਨ। ਇਸ ਲਈ ਉਹ ਸਿਰਫ ਆਪਣੀ ਦੁਕਾਨ ਚਲਾਉਣ, ਰਾਮ ਮੰਦਰ ਮਾਮਲੇ 'ਚ ਪੈਣਾ ਉਨ੍ਹਾਂ ਲਈ ਠੀਕ ਨਹੀਂ। 
ਵਸੀਮ ਰਿਜ਼ਵੀ ਸ਼੍ਰੀ ਸ਼੍ਰੀ ਦਾ ਮੋਹਰਾ : ਵੇਦਾਂਤੀ
ਅਯੁੱਧਿਆ ਦੇ ਇਤਿਹਾਸਕ ਮੰਦਰ-ਮਸਜਿਦ ਮੁੱਦੇ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਕੋਸ਼ਿਸ਼ 'ਚ ਲੱਗੇ ਸ਼ੀਆ ਸੈਂਟਰਲ ਵਕਫ ਬੋਰਡ ਦੇ ਪ੍ਰਧਾਨ ਵਸੀਮ ਰਿਜ਼ਵੀ ਨੂੰ ਅੱਜ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਤੋਂ ਮਿਲੇ ਕਰਾਰੇ ਝਟਕੇ ਦੇ ਕਾਰਨ ਮਜਬੂਰਨ ਆਪਣੀ ਪ੍ਰੈੱਸ ਕਾਨਫਰੰਸ ਟਾਲਣੀ ਪਈ। ਰਿਜ਼ਵੀ ਨੇ ਸਵੇਰੇ 11 ਵਜੇ ਅਖਿਲ ਭਾਰਤੀਆ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਨਰਿੰਦਰ ਗਿਰੀ ਨਾਲ ਵਿਹਿਪ ਆਗੂ ਅਤੇ ਸ਼੍ਰੀ ਰਾਮ ਜਨਮ ਭੂਮੀ ਟਰੱਸਟ ਦੇ ਮੈਂਬਰ ਡਾਕਟਰ ਰਾਮ ਵਿਲਾਸ ਵੇਦਾਂਤੀ ਨਾਲ ਇਥੇ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨਾ ਸੀ।
ਸ਼੍ਰੀ ਵੇਦਾਂਤੀ ਨੇ ਕਿਹਾ, ''ਰਿਜ਼ਵੀ ਇਕ ਮਹੀਨਾ ਪਹਿਲਾਂ ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਨੂੰ ਮਿਲੇ ਸਨ। ਉਹ ਉਨ੍ਹਾਂ ਦੇ ਮੋਹਰਾ ਹਨ ਇਸੇ ਕਰਕੇ ਉਨ੍ਹਾਂ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸਨ। ਰਿਜ਼ਵੀ ਨੇ ਉਨ੍ਹਾਂ ਨੂੰ ਕੱਲ ਦੱਸਿਆ ਸੀ ਕਿ ਉਹ ਦਿੱਲੀ 'ਚ ਹਨ ਪਰ ਬਾਅਦ 'ਚ ਪਤਾ ਲੱਗਾ ਕਿ ਉਹ ਅਯੁੱਧਿਆ 'ਚ ਘੁੰਮ ਰਹੇ ਹਨ। ਵਸੀਮ ਰਿਜ਼ਵੀ ਨਾਲ ਬੇਹੱਦ ਨਾਰਾਜ਼ ਸ਼੍ਰੀ ਵੇਦਾਂਤੀ ਨੇ ਕਿਹਾ ਕਿ ਸ਼ੀਆ ਵਕਫ ਬੋਰਡ ਦੇ ਮੁਖੀ ਅਯੁੱਧਿਆ ਦੇ ਸਾਧੂਆਂ 'ਚ ਫੁੱਟ ਪਾਉਣੀ ਚਾਹੁੰਦੇ ਹਨ। ਸਾਧੂਆਂ ਨੂੰ ਆਪਸ 'ਚ ਲੜਾ ਕੇ ਸੁਰਖੀਆਂ ਬਟੋਰਨਾ ਚਾਹੁੰਦੇ ਸਨ ਪਰ ਹੁਣ ਉਨ੍ਹਾਂ ਦੀ ਸਾਜ਼ਿਸ਼ ਦਾ ਪਤਾ ਲੱਗ ਗਿਆ ਹੈ।


Related News