ਕੇਂਦਰ ਸਰਕਾਰ ਨੇ ਕਿਹਾ- ਹੁਣ ਘਰਾਂ ਅੰਦਰ ਵੀ ਮਾਸਕ ਪਹਿਨਣ ਦਾ ਆ ਗਿਆ ਹੈ ਸਮਾਂ

Tuesday, Apr 27, 2021 - 10:35 AM (IST)

ਨਵੀਂ ਦਿੱਲੀ– ਦੇਸ਼ ਇਸ ਸਮੇਂ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਲੋਕਾਂ ਅੰਦਰ ਪਾਏ ਜਾਂਦੇ ਡਰ ਨੂੰ ਦੂਰ ਕਰਦਿਆਂ ਸੋਮਵਾਰ ਕਿਹਾ ਕਿ ਬੇਲੋੜੀ ਹਫੜਾ-ਦਫੜੀ ਨਾਲ ਲਾਭ ਦੀ ਬਜਾਏ ਨੁਸਕਾਨ ਹੋ ਰਿਹਾ ਹੈ। ਟੀਕਾਕਰਨ ਰਾਹੀਂ ਕੋਵਿਡ-19 ਤੋਂ ਬਚਾਅ ਲਈ ਢੁਕਵਾ ਢੰਗ ਅਪਣਾਉਣ ’ਤੇ ਜ਼ੋਰ ਦਿੰਦੇ ਹੋਏ ਕੇਂਦਰ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਮੌਜੂਦਾ ਸਮਾਂ ਅਜਿਹਾ ਹੈ ਕਿ ਉਨ੍ਹਾਂ ਨੂੰ ਘਰਾਂ ਅੰਦਰ ਵੀ ਮਾਸਕ ਪਹਿਨਣਾ ਚਾਹੀਦਾ ਹੈ। ਸਰਕਾਰ ਨੇ ਟੀਕਾਕਰਨ ਮੁਹਿੰਮ ਦੀ ਰਫਤਾਰ ਨੂੰ ਤੇਜ਼ ਕਰਨ ਦੀ ਪੈਰਵੀ ਕੀਤੀ ਅਤੇ ਕਿਹਾ ਕਿ ਔਰਤਾਂ ਮਾਹਵਾਰੀ ਸਮੇਂ ਵੀ ਟੀਕੇ ਦੀ ਖੁਰਾਕ ਲੈ ਸਕਦੀਆਂ ਹਨ।

ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ’ਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਈ ਲੋਕ ਡਰ ਕਾਰਨ ਹਸਪਤਾਲਾਂ ’ਚ ਦਾਖਲ ਹੋ ਰਹੇ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਡਾਕਟਰਾਂ ਦੀ ਸਲਾਹ ’ਤੇ ਹੀ ਲੋਕਾਂ ਨੂੰ ਹਸਪਤਾਲ ’ਚ ਦਾਖਲ ਹੋਣਾ ਚਾਹੀਦਾ ਹੈ। ਸਰਕਾਰ ਨੇ ਹਸਪਤਾਲਾਂ ਨੂੰ ਵਧੀਆ ਢੰਗ ਨਾਲ ਆਕਸੀਜਨ ਦੀ ਵਰਤੋਂ ਕਰਨ ਲਈ ਕਿਹਾ ਹੈ। ਡਾਕਟਰਾਂ ਨੂੰ ਕਿਹਾ ਗਿਆ ਹੈ ਕਿ ਉਹ ਮਰੀਜ਼ਾਂ ਨੂੰ ਰੇਮਡੇਸਿਵਿਰ ਅਤੇ ਟੋਸਿਲਿਜੁਮਾਬ ਵਰਗੀਆਂ ਦਵਾਈਆਂ ਲਿਖ ਕੇ ਦੇਣ।

ਸਮਾਜਿਕ ਦੂਰੀ ਦੇ ਨਿਯਮ ਮੰਨਣ ਨਾਲ ਘਟੇਗੀ ਇਨਫੈਕਸ਼ਨ
ਸਰਕਾਰ ਨੇ ਕਿਹਾ ਕਿ ਸਮਾਜਿਕ ਦੂਰੀ ਦੇ ਨਿਯਮ ਮੰਨਣ ਨਾਲ ਇਨਫੈਕਸ਼ਨ ’ਚ ਕਮੀ ਹੋਵੇਗੀ। ਜੇ ਕੋਈ ਵਿਅਕਤੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰੇ ਤਾਂ ਉਹ 30 ਦਿਨਾਂ ’ਚ 406 ਵਿਅਕਤੀਆਂ ਨੂੰ ਬੀਮਾਰ ਕਰ ਸਕਦਾ ਹੈ। ਜੇ ਬੀਮਾਰ ਵਿਅਕਤੀ ਦੀ ਸਰਗਰਮੀ 50% ਤਕ ਰੁਕ ਜਾਏ ਤਾਂ ਇਸ ਸਮੇਂ ਦੌਰਾਨ ਸਿਰਫ 15 ਲੋਕਾਂ ਨੂੰ ਇਨਫੈਕਸ਼ਨ ਹੋਵੇਗੀ। ਸਰਗਰਮੀ ਦੇ 75% ਤਕ ਘੱਟ ’ਤੇ ਇਕ ਵਿਅਕਤੀ 30 ਦਿਨਾਂ ਵਿਚ 2.5 ਵਿਅਕਤੀਆਂ ਨੂੰ ਹੀ ਇਨਫੈਕਟਿਡ ਕਰ ਸਕਦਾ ਹੈ।

ਹੁਣ ਤਕ 14.19 ਕਰੋੜ ਲੋਕਾਂ ਨੂੰ ਲਾਏ ਗਏ ਟੀਕੇ
ਦੇਸ਼ ਵਿਚ ਸੋਮਵਾਰ ਤਕ 14.19 ਕਰੋੜ ਲੋਕਾਂ ਨੂੰ ਕੋਵਿਡ-19 ਰੋਕੂ ਟੀਕਾ ਲਾਇਆ ਜਾ ਚੁੱਕਾ ਸੀ। ਇਨ੍ਹਾਂ ਵਿਚੋਂ 45 ਸਾਲ ਤੋਂ ਵੱਧ ਉਮਰ ਦੇ 9.79 ਕਰੋੜ ਲੋਕਾਂ ਨੂੰ ਪਹਿਲੀ ਖੁਰਾਕ ਅਤੇ 1.03 ਕਰੋੜ ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।


Rakesh

Content Editor

Related News