ਦਿੱਲੀ ’ਚ ਵਾਅਦੇ ਕਰਨੇ ਸੌਖੇ, ਪੂਰੇ ਕਰਨੇ ਮਹੱਤਵਪੂਰਨ : ਹਰਦੀਪ ਪੁਰੀ
Friday, Jan 24, 2025 - 01:40 PM (IST)
ਨਵੀਂ ਦਿੱਲੀ- ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਦਿੱਲੀ ਵਿਚ ਵਾਅਦੇ ਕਰਨੇ ਸੌਖੇ ਹਨ ਪਰ ਉਨ੍ਹਾਂ ਨੂੰ ਪੂਰਾ ਕਰਨਾ ਮਹੱਤਵਪੂਰਨ ਹੈ। ਜੇਕਰ ਸਾਡੀ ਸਰਕਾਰ ਬਣੀ ਤਾਂ ਅਸੀਂ ਯੋਜਨਾਵਾਂ ਨੂੰ ਜ਼ਰੂਰ ਲਾਗੂ ਕਰਾਂਗੇ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਤੇ ਬਿਹਾਰ ਵਰਗੇ ਸੂਬਿਆਂ ਵਿਚ ਇਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਨਾ ਯਕੀਨੀ ਤੌਰ ’ਤੇ ਚੁਣੌਤੀਪੂਰਨ ਹੈ ਪਰ ਅਸੰਭਵ ਨਹੀਂ ਹੈ। ਇਹ ਇਕ ਜ਼ਿੰਮੇਵਾਰ ਸਰਕਾਰ ਦਾ ਕੰਮ ਹੁੰਦਾ ਹੈ ਕਿ ਉਹ ਯੋਜਨਾਵਾਂ ਦੇ ਫੰਡਿੰਗ ਅਤੇ ਉਸ ਨੂੰ ਲਾਗੂ ਕਰਨ ਲਈ ਇਕ ਸਪੱਸ਼ਟ ਯੋਜਨਾ ਬਣਾਏ। ਅਸੀਂ ਸਵਨਿਧੀ ਯੋਜਨਾ ਰਾਹੀਂ ਇਹ ਦਿਖਾਇਆ ਹੈ ਕਿ ਅਸੀਂ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰਨ ਵਿਚ ਵਿਸ਼ਵਾਸ ਰੱਖਦੇ ਹਾਂ। ਛੋਟੇ ਕਾਰੋਬਾਰੀਆਂ ਨੂੰ ਬੈਂਕ ਤੋਂ ਬਿਨਾਂ ਗਾਰੰਟੀ ਦੇ ਲੋਨ ਦੇ ਕੇ ਉਨ੍ਹਾਂ ਨੂੰ ਮਹਾਮਾਰੀ ਤੋਂ ਬਾਅਦ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਦਾ ਮੌਕਾ ਦਿੱਤਾ ਗਿਆ। ਇਸੇ ਤਰ੍ਹਾਂ ਸਾਡੀ ਸੋਲਰ ਰੂਫ਼ਟਾਪ ਯੋਜਨਾ ਲੋਕਾਂ ਨੂੰ ਆਤਮਨਿਰਭਰ ਬਣਾਉਂਦੀ ਹੈ। ਅਸੀਂ ਉਨ੍ਹਾਂ ਨੂੰ ਬਿਜਲੀ ਪੈਦਾ ਕਰਨ ਅਤੇ ਗਰਿੱਡ ਵਿਚ ਯੋਗਦਾਨ ਪਾਉਣ ਦਾ ਮੌਕਾ ਦਿੰਦੇ ਹਾਂ।
ਭਾਜਪਾ ਗੁੰਮਰਾਹ ਨਹੀਂ ਕਰਦੀ : ਭਾਜਪਾ ਮੁਫਤ ਯੋਜਨਾਵਾਂ ਦੇ ਨਾਂ ’ਤੇ ਜਨਤਾ ਨੂੰ ਗੁੰਮਰਾਹ ਕਰਨ ਵਿਚ ਭਰੋਸਾ ਨਹੀਂ ਕਰਦੀ। ਸਾਡੀਆਂ ਯੋਜਨਾਵਾਂ ਜਨਤਾ ਦੀ ਭਲਾਈ ਲਈ ਹਨ ਅਤੇ ਇਨ੍ਹਾਂ ਨੂੰ ਲਾਗੂ ਕਰਨ ਲਈ ਸਾਡੇ ਕੋਲ ਪੂਰੀ ਸਮਰੱਥਾ ਹੈ। ਅਸੀਂ ਭ੍ਰਿਸ਼ਟਾਚਾਰ ਨੂੰ ਰੋਕਦੇ ਹਾਂ, ਜਿਸ ਨਾਲ ਸੋਮਿਆਂ ਦੀ ਸਹੀ ਵਰਤੋਂ ਹੋ ਸਕੇ। ਇਸ ਲਈ ਅਸੀਂ ਜੋ ਵਾਅਦੇ ਕਰ ਰਹੇ ਹਾਂ ਉਹ ਜ਼ਰੂਰ ਪੂਰੇ ਹੋਣਗੇ।
‘ਲਾਡਲੀ ਬਹਿਨਾ ਯੋਜਨਾ’ ਨਾਲ ਜੀਵਨ ਪੱਧਰ ਬਿਹਤਰ ਹੋਇਆ
ਪੁਰੀ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿਚ ‘ਲਾਡਲੀ ਬਹਿਨਾ ਯੋਜਨਾ’ ਦਾ ਬਹੁਤ ਹੀ ਚੰਗਾ ਪ੍ਰਭਾਵ ਪਿਆ। ਔਰਤਾਂ ਨੂੰ ਸਿੱਧੀ ਆਰਥਿਕ ਮਦਦ ਦਿੱਤੀ ਗਈ, ਜਿਸ ਨਾਲ ਉਨ੍ਹਾਂ ਦਾ ਜੀਵਨ ਪੱਧਰ ਬਿਹਤਰ ਹੋਇਆ ਅਤੇ ਇਹ ਯੋਜਨਾ ਬਹੁਤ ਲੋਕਪ੍ਰਿਯ ਸਾਬਿਤ ਹੋਈ। ਇਹ ਯੋਜਨਾ ਸਹੀ ਮਾਅਨੇ ਵਿਚ ਇਕ ਗੇਮ-ਚੇਂਜਰ ਰਹੀ। ਇਸੇ ਤਰ੍ਹਾਂ ਹਰਿਆਣਾ ਅਤੇ ਮਹਾਰਾਸ਼ਟਰ ਵਿਚ ਵੀ ਅਸੀਂ ਆਪਣੇ ਵਾਅਦਿਆਂ ਨੂੰ ਪੂਰਾ ਕੀਤਾ। ਜਿਥੇ-ਜਿੱਥੇ ਅਸੀਂ ਡਲਿਵਰੀ ਕੀਤੀ ਹੈ, ਜਨਤਾ ਨੇ ਸਾਨੂੰ ਸਮਰੱਥਨ ਦਿੱਤਾ ਹੈ।