ਪੁਲਾੜ ''ਚ ਅੱਜ ਫਿਰ ਵੱਜੇਗਾ ਇਸਰੋ ਦਾ ''ਡੰਕਾ'', ਦੁਨੀਆ ਕਰੇਗੀ ਸਲਾਮ
Monday, Dec 30, 2024 - 04:28 PM (IST)
ਸ਼੍ਰੀਹਰੀਕੋਟਾ- ਭਾਰਤੀ ਪੁਲਾੜ ਏਜੰਸੀ ਇਸਰੋ ਪੁਲਾੜ ਵਿਚ ਇਕ ਵੱਡੀ ਪੁਲਾਂਘ ਪੁੱਟਣ ਜਾ ਰਿਹਾ ਹੈ। ਇਸਰੋ ਦੇ ਸਪੇਸ ਸਪੇਡੈਕਸ ਔਰਬਿਟਲ ਡੌਕਿੰਗ ਐਕਸਪੈਰਿਮੈਂਟ (SpaDeX) ਮਿਸ਼ਨ ਦੀ ਉਲਟੀ ਗਿਣਤੀ ਐਤਵਾਰ ਰਾਤ ਤੋਂ ਸ਼ੁਰੂ ਹੋ ਗਈ ਹੈ। ਇਸਰੋ ਨੇ ਕਿਹਾ ਕਿ ਸਪੇਡੈਕਸ ਔਰਬਿਟਲ ਡੌਕਿੰਗ ਵਿਚ ਭਾਰਤ ਦੀ ਸਮਰੱਥਾ ਨੂੰ ਸਥਾਪਤ ਕਰਨ ਲਈ ਇਕ ਮਹੱਤਵਪੂਰਨ ਮਿਸ਼ਨ ਹੈ, ਜੋ ਭਵਿੱਖ ਦੇ ਮਨੁੱਖ ਪੁਲਾੜ ਮਿਸ਼ਨਾਂ ਅਤੇ ਸੈਟੇਲਾਈਟ ਸੇਵਾ ਮਿਸ਼ਨਾਂ ਲਈ ਇਕ ਮਹੱਤਵਪੂਰਨ ਤਕਨੀਕ ਹੈ।
ਇਹ ਮਿਸ਼ਨ ਪੁਲਾੜ ਵਿਚ 'ਡੌਕਿੰਗ' ਲਈ ਇਕ ਕਿਫਾਇਤੀ ਤਕਨੀਕੀ ਪ੍ਰਦਰਸ਼ਨ ਮਿਸ਼ਨ ਹੈ, ਇਸ ਤੋਂ ਭਾਰਤ, ਚੀਨ, ਰੂਸ ਅਤੇ ਅਮਰੀਕਾ ਵਰਗੇ ਦੇਸ਼ਾਂ ਦੀ ਖ਼ਾਸ ਸੂਚੀ ਵਿਚ ਸ਼ਾਮਲ ਹੋ ਜਾਵੇਗਾ। ਇਸਰੋ ਨੇ ਐਲਾਨ ਕੀਤਾ ਹੈ ਕਿ PSLV-C60 ਰਾਕੇਟ ਨੂੰ 30 ਦਸੰਬਰ ਨੂੰ ਰਾਤ 10.00 ਵਜੇ ਸ਼੍ਰੀਹਰੀਕੋਟਾ ਸਥਿਤ ਪਹਿਲੇ ਲਾਂਚ ਪੈਡ ਤੋਂ ਲਾਂਚ ਕੀਤਾ ਜਾਵੇਗਾ। ਇਹ ਮਿਸ਼ਨ SpaDeX ਨੂੰ ਇਸ ਦੇ ਪ੍ਰਾਇਮਰੀ ਪੇਲੋਡ ਵਜੋਂ ਲੈ ਕੇ ਜਾਵੇਗਾ, ਜਿਸ ਵਿਚ ਦੋ ਪੁਲਾੜ ਯਾਨ (ਸਪੇਸਕ੍ਰਾਫਟ ਏ ਅਤੇ ਸਪੇਸਕ੍ਰਾਫਟ ਬੀ) ਸ਼ਾਮਲ ਹੋਣਗੇ। ਇਨ੍ਹਾਂ ਦੇ ਨਾਲ ਹੀ 24 ਹੋਰ ਸੈਕੰਡਰੀ ਪੇਲੋਡ ਵੀ ਭੇਜੇ ਜਾਣਗੇ।
'ਸਪੇਸ ਡੌਕਿੰਗ' ਤਕਨੀਕ ਦਾ ਅਰਥ ਪੁਲਾੜ ਵਿਚ ਦੋ ਪੁਲਾੜ ਯਾਨਾਂ ਨੂੰ ਜੋੜਨ ਦੀ ਤਕਨੀਕ ਹੈ। ਇਹ ਇਕ ਅਜਿਹੀ ਤਕਨੀਕ ਹੈ, ਜਿਸ ਦੀ ਮਦਦ ਨਾਲ ਮਨੁੱਖ ਨੂੰ ਇਕ ਪੁਲਾੜ ਯਾਨ ਤੋਂ ਦੂਜੇ ਪੁਲਾੜ ਯਾਨ ਵਿਚ ਭੇਜ ਸਕਣਾ ਸੰਭਵ ਹੈ। ਸਪੇਸ 'ਡੌਕਿੰਗ' ਤਕਨਾਲੋਜੀ ਭਾਰਤ ਦੀਆਂ ਪੁਲਾੜ ਸਬੰਧੀ ਇੱਛਾਵਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਹੋਵੇਗੀ, ਜਿਸ ਵਿਚ ਚੰਦਰਮਾ 'ਤੇ ਮਨੁੱਖਾਂ ਨੂੰ ਭੇਜਣਾ, ਨਮੂਨੇ ਪ੍ਰਾਪਤ ਕਰਨਾ ਅਤੇ ਦੇਸ਼ ਦੇ ਆਪਣੇ ਪੁਲਾੜ ਸਟੇਸ਼ਨ- ਭਾਰਤੀ ਪੁਲਾੜ ਸਟੇਸ਼ਨ ਦਾ ਨਿਰਮਾਣ ਅਤੇ ਸੰਚਾਲਨ ਸ਼ਾਮਲ ਹੈ।