ਪੁਲਾੜ ਦੀ ਦੁਨੀਆ ’ਚ ਭਾਰਤ ਨੇ ਰਚਿਆ ਇਤਿਹਾਸ, ਚੰਨ ਨੂੰ ਛੋਹਣ ਨਿਕਲਿਆ ਚੰਦਰਯਾਨ-3

Friday, Jul 14, 2023 - 02:45 PM (IST)

ਪੁਲਾੜ ਦੀ ਦੁਨੀਆ ’ਚ ਭਾਰਤ ਨੇ ਰਚਿਆ ਇਤਿਹਾਸ, ਚੰਨ ਨੂੰ ਛੋਹਣ ਨਿਕਲਿਆ ਚੰਦਰਯਾਨ-3

ਸ਼੍ਰੀਹਰੀਕੋਟਾ (ਆਂਧਰਾ ਪ੍ਰਦੇਸ਼), (ਏਜੰਸੀਆਂ, ਇੰਟ.)- ਚੰਦਰਯਾਨ-3 ਆਪਣੇ ਸਫਰ ’ਤੇ ਰਵਾਨਾ ਹੋਇਆ। ਲਾਂਚਿੰਗ ਦੇ ਨਾਲ ਹੀ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ ਤੀਸਰਾ ਮੂਨ ਮਿਸ਼ਨ ਸ਼ੁਰੂ ਹੋ ਗਿਆ। ਚੰਦਰਯਾਨ-3 ਨੂੰ ਲਿਜਾ ਰਹੇ 642 ਟਨ ਵਜ਼ਨੀ, 43.5 ਮੀਟਰ ਉੱਚੇ ਰਾਕੇਟ ਐੱਲ. ਵੀ. ਐੱਮ.3-ਐੱਮ.4 ਨੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਉਡਾਣ ਭਰੀ। ਲਾਂਚਿੰਗ ਤੋਂ 16 ਮਿੰਟ ਬਾਅਦ ਚੰਦਰਯਾਨ-3 ਨੂੰ ਰਾਕੇਟ ਨੇ ਆਰਬਿਟ ’ਚ ਸਥਾਪਿਤ ਕੀਤਾ। ਚੰਦਰਯਾਨ-3 ਦੇ ਧਰਤੀ ਦੇ ਪੰਧ ’ਚ ਪੁੱਜਣ ਤੋਂ ਬਾਅਦ ਲੂਨਰ ਟਰਾਂਸਫਰ ਟ੍ਰੈਜ਼ੈਕਟਰੀ ’ਚ ਪਾਇਆ ਗਿਆ। 

ਐੱਲ. ਵੀ. ਐੱਮ.3-ਐੱਮ.4 ਰਾਕੇਟ ਨੇ ‘ਚੰਦਰਯਾਨ-3’ ਨੂੰ ਸਟੀਕ ਪੰਧ ’ਚ ਸਥਾਪਤ ਕੀਤਾ। ਅਗਲੇ 40 ਦਿਨਾਂ ’ਚ 30,00,00 ਕਿ. ਮੀ. ਤੋਂ ਵੱਧ ਦੀ ਦੂਰੀ ਤੈਅ ਕਰਦੇ ਹੋਏ ਇਹ ਚੰਦਰਮਾ ਤੱਕ ਪਹੁੰਚ ਜਾਵੇਗਾ। ਯਾਨੀ 40 ਦਿਨ ਬਾਅਦ 23 ਅਗਸਤ ਨੂੰ ਸ਼ਾਮ 5.47 ਵਜੇ ਚੰਦਰਮਾ ਦੇ ਸਾਊਥ ਪੋਲ (ਦੱਖਣੀ ਧਰੁਵ) ’ਤੇ ਚੰਦਰਯਾਨ 3 ਦੀ ਸਾਫਟ ਲੈਂਡਿੰਗ ਪਲਾਨ ਕੀਤੀ ਗਈ ਹੈ। ਅੱਜ ਇਸਰੋ ਨੇ ਇਸ ਨੂੰ ਸਫਲਤਾਪੂਰਵਕ ਦਾਗ ਕੇ ਇਤਿਹਾਸ ਰਚ ਦਿੱਤਾ ਹੈ। ਚੰਦਰਯਾਨ-3 ਦਾ ਮੁੱਖ ਉਦੇਸ਼ ਲੈਂਡਰ ਨੂੰ ਚੰਦਰਮਾ ਦੀ ਧਰਤੀ ’ਤੇ ਸੁਰੱਖਿਅਤ ਉਤਾਰਨਾ ਹੈ। ਉਸ ਤੋਂ ਬਾਅਦ ਰੋਵਰ ਪ੍ਰਯੋਗ ਕਰਨ ਲਈ ਬਾਹਰ ਨਿਕਲੇਗਾ।

ਚੰਦਰਯਾਨ-3 ਦੀ ਲਾਂਚਿੰਗ ਸਫਲ ਰਹਿੰਦੀ ਹੈ, ਤਾਂ ਭਾਰਤ ਅਜਿਹਾ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ। ਇਸ ਤੋਂ ਪਹਿਲਾਂ ਅਮਰੀਕਾ, ਰੂਸ ਅਤੇ ਚੀਨ ਚੰਦਰਮਾ ’ਤੇ ਆਪਣੇ ਸਪੇਸਕ੍ਰਾਫਟ ਉਤਾਰ ਚੁੱਕੇ ਹਨ। ਲਾਂਚਿੰਗ ਦੇਖਣ ਲਈ ਮੌਜੂਦ ਹਜ਼ਾਰਾਂ ਦਰਸ਼ਕ ਚੰਦਰਯਾਨ-3 ਦੇ ਰਵਾਨਾ ਹੁੰਦੇ ਹੀ ਖੁਸ਼ੀ ਨਾਲ ਝੂਮ ਉੱਠੇ ਅਤੇ ਸਫਲ ਲਾਂਚਿੰਗ ਤੋਂ ਬਾਅਦ ਵਿਗਿਆਨੀਆਂ ਨੇ ਤਾੜੀਆਂ ਵਜਾਈਆਂ। ਜ਼ਿਕਰਯੋਗ ਹੈ ਕਿ ਸਾਲ 2008 ’ਚ ਪਹਿਲਾਂ ਚੰਦਰ ਮਿਸ਼ਨ ਦੇ ਨਾਲ ਸ਼ੁਰੂ ਹੋਈ ਚੰਦਰਯਾਨ ਲੜੀ ਬਾਰੇ ਇਕ ਅਨੋਖੀ ਸਮਾਨਤਾ ਉਸ ਦਾ ਤਮਿਲਨਾਡੂ ਨਾਲ ਸਬੰਧ ਹੈ। ਤਮਿਲਨਾਡੂ ’ਚ ਜਨਮੇ ਮਾਇਲਸਾਮੀ ਅੰਨਾਦੁਰਈ ਅਤੇ ਐੱਮ. ਵਨਿਤਾ ਦੇ ਚੰਦਰਯਾਨ-1 ਅਤੇ ਚੰਦਰਯਾਨ-2 ਦੀ ਅਗਵਾਈ ਕਰਨ ਤੋਂ ਬਾਅਦ, ਹੁਣ ਵਿੱਲੁਪੁਰਮ ਦੇ ਮੂਲ ਨਿਵਾਸੀ ਪੀ. ਵੀਰਮੁਥੁਵੇਲ ਨੇ ਤੀਸਰੇ ਮਿਸ਼ਨ ਦੀ ਨਿਗਰਾਨੀ ਕੀਤੀ।

ਦੁਪਹਿਰ ਬਾਅਦ 2:35 ਵਜੇ ਉਡਾਣ

ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਚੰਦਰਯਾਨ-3 ਦੇ ਨਾਲ 642 ਟਨ ਭਾਰ ਵਾਲੇ ਬਾਹੂਬਲੀ ਰਾਕੇਟ ਐੱਲ. ਵੀ. ਐੱਮ. 3 ਨੇ ਦੁਪਹਿਰ ਬਾਅਦ 2:35 ਵਜੇ ਉਡਾਣ ਭਰੀ।

ਪ੍ਰੋਪਲਸ਼ਨ ਮਾਡਿਊਲ ਦੇ ਨਾਲ ਲੈਂਡਰ ਅਤੇ ਰੋਵਰ

ਚੰਦਰਯਾਨ-3 ਪੁਲਾੜ ਯਾਨ ’ਚ ਇਕ ਪ੍ਰੋਪਲਸ਼ਨ ਮਾਡਿਊਲ (ਭਾਰ 2,148 ਕਿੱਲੋਗ੍ਰਾਮ), ਇਕ ਲੈਂਡਰ (1,723.89 ਕਿੱਲੋਗ੍ਰਾਮ) ਅਤੇ ਇਕ ਰੋਵਰ (26 ਕਿੱਲੋਗ੍ਰਾਮ) ਸ਼ਾਮਲ ਹੈ।

3 ਤੋਂ 6 ਮਹੀਨਿਆਂ ਦਾ ਜੀਵਨ

ਲੈਂਡਰ ਤੋਂ ਬਾਹਰ ਨਿਕਲਣ ਤੋਂ ਬਾਅਦ ਪ੍ਰੋਪਲਸ਼ਨ ਮਾਡਿਊਲ ਰਾਹੀਂ ਲਿਜਾਏ ਗਏ ਪੇਲੋਡ ਦਾ ਜੀਵਨ ਤਿੰਨ ਤੋਂ ਛੇ ਮਹੀਨੇ ਦੇ ਦਰਮਿਆਨ ਹੈ।

ਲੈਂਡਰ ਦਾ ਮਿਸ਼ਨ

ਇਸਰੋ ਨੇ ਕਿਹਾ ਕਿ ਲੈਂਡਰ ਅਤੇ ਰੋਵਰ ਦਾ ਮਿਸ਼ਨ ਜੀਵਨ ਇਕ ਚੰਦਰ ਦਿਨ ਜਾਂ 14 ਧਰਤੀ ਦਿਨ ਹੈ।

179 ਕਿਲੋਮੀਟਰ ਦੀ ਉਚਾਈ ’ਤੇ ਵੱਖ

ਲਗਭਗ 2:52 ਵਜੇ ਧਰਤੀ ਤੋਂ ਤਕਰੀਬਨ 179 ਕਿਲੋਮੀਟਰ ਦੀ ਉਚਾਈ ’ਤੇ ਚੰਦਰਯਾਨ-3 ਸਫਲਤਾਪੂਰਵਕ ਰਾਕੇਟ ਤੋਂ ਵੱਖ ਹੋ ਗਿਆ।

615 ਕਰੋੜ ਰੁਪਏ ਰਿਹਾ ਚੰਦਰਯਾਨ-3 ਦਾ ਬਜਟ

ਚੰਦਰਯਾਨ-3 ਦਾ ਬਜਟ ਲਗਭਗ 615 ਕਰੋੜ ਰੁਪਏ ਹੈ। ਇਸ ਤੋਂ 4 ਸਾਲ ਪਹਿਲਾਂ ਭੇਜੇ ਗਏ ਚੰਦਰਯਾਨ-2 ਦੀ ਲਾਗਤ 603 ਕਰੋੜ ਰੁਪਏ ਸੀ। ਹਾਲਾਂਕਿ, ਇਸ ਦੀ ਲਾਂਚਿੰਗ ’ਤੇ ਵੀ 375 ਕਰੋੜ ਰੁਪਏ ਖਰਚ ਹੋਏ ਸਨ।

ਧਰਤੀ ਤੋਂ ਆਉਣ ਵਾਲੇ ਰੇਡੀਏਸ਼ਨ ਦੀ ਸਟੱਡੀ ਹੋਵੇਗੀ : ਇਸਰੋ ਚੀਫ

ਇਸਰੋ ਚੀਫ ਐੱਸ. ਸੋਮਨਾਥ ਨੇ ਲਾਂਚਿੰਗ ਤੋਂ ਬਾਅਦ ਕਿਹਾ ਕਿ ਚੰਦਰਯਾਨ-3 ਨੇ ਚੰਦਰਮਾ ਵੱਲ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਹੈ। ਇਸ ਦਾ ਪ੍ਰੋਪਲਸ਼ਨ ਮਾਡਿਊਲ ਚੰਦਰਮਾ ਦੇ ਆਰਬਿਟ ’ਚ ਰਹਿ ਕੇ ਧਰਤੀ ਤੋਂ ਆਉਣ ਵਾਲੇ ਰੇਡੀਏਸ਼ਨ ਦੀ ਸਟੱਡੀ ਕਰੇਗਾ। ਮਿਸ਼ਨ ਦੇ ਜ਼ਰੀਏ ਇਸਰੋ ਪਤਾ ਲਾਵੇਗਾ ਕਿ ਚੰਦਰਮਾ ਦੀ ਸਤ੍ਹਾ ਕਿੰਨੀ ਸਿਸਮਿਕ ਹੈ। ਇਸ ਦੇ ਨਾਲ ਹੀ ਚੰਦਰਮਾ ਦੀ ਮਿੱਟੀ ਅਤੇ ਧੂੜ ਦੀ ਵੀ ਸਟੱਡੀ ਕੀਤੀ ਜਾਵੇਗੀ। ਲੈਂਡਿੰਗ ਸਾਈਟ ਦੇ ਆਸਪਾਸ ਦੀ ਜਗ੍ਹਾ ’ਚ ਚੰਦਰਮਾ ਦੀ ਚੱਟਾਨੀ ਸਤ੍ਹਾ ਦੀ ਤਹਿ, ਚੰਦਰਮਾ ਦੇ ਭੂਚਾਲ ਅਤੇ ਚੰਦਰ ਸਤ੍ਹਾ ਪਲਾਮਾ ਅਤੇ ਮੌਲਿਕ ਸੰਰਚਨਾ ਦੀ ਥਰਮਲ-ਫਿਜੀਕਲ ਪ੍ਰਾਪਰਟੀਜ਼ ਦੀ ਜਾਣਕਾਰੀ ਮਿਲਣ ’ਚ ਮਦਦ ਹੋ ਸਕੇਗੀ।

ਭਾਰਤ ਦੀ ਪੁਲਾੜ ਯਾਤਰਾ ’ਚ ਇਕ ਨਵਾਂ ਅਧਿਆਏ : ਮੋਦੀ

ਚੰਦਰਯਾਨ-3 ਦੇ ਲਾਂਚ ’ਤੇ ਪੀ. ਐੱਮ. ਨਰਿੰਦਰ ਮੋਦੀ ਨੇ ਟਵੀਟ ਕੀਤਾ। ਉਨ੍ਹਾਂ ਕਿਹਾ, ‘‘ਚੰਦਰਯਾਨ-3 ਨੇ ਭਾਰਤ ਦੀ ਪੁਲਾੜ ਯਾਤਰਾ ’ਚ ਇਕ ਨਵਾਂ ਅਧਿਆਏ ਲਿਖਿਆ। ਇਹ ਹਰ ਭਾਰਤੀ ਦੇ ਸੁਪਨਿਆਂ ਅਤੇ ਅਭਿਲਾਸ਼ਾਵਾਂ ਨੂੰ ਉੱਪਰ ਚੁੱਕਦੇ ਹੋਏ ਉੱਚੀ ਉਡਾਣ ਭਰਦਾ ਹੈ। ਇਹ ਮਹੱਤਵਪੂਰਨ ਉਪਲਬਧੀ ਸਾਡੇ ਵਿਗਿਆਨੀਆਂ ਦੇ ਅਣਥੱਕ ਸਮਰਪਣ ਦਾ ਨਤੀਜਾ ਹੈ। ਮੈਂ ਉਨ੍ਹਾਂ ਦੀ ਭਾਵਨਾ ਅਤੇ ਪ੍ਰਤਿਭਾ ਨੂੰ ਸਲਾਮ ਕਰਦਾ ਹਾਂ! ਭਾਰਤੀ ਪੁਲਾੜ ਦੇ ਖੇਤਰ ’ਚ 14 ਜੁਲਾਈ 2023 ਦਾ ਦਿਨ ਹਮੇਸ਼ਾ ਸੁਨਹਿਰੀ ਅੱਖਰਾਂ ’ਚ ਅੰਕਿਤ ਰਹੇਗਾ ਅਤੇ ਇਹ ਰਾਸ਼ਟਰ ਦੀਆਂ ਉਮੀਦਾਂ ਅਤੇ ਸੁਪਨਿਆਂ ਨੂੰ ਅੱਗੇ ਵਧਾਏਗਾ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਭਵਿੱਖ ’ਚ ਅਸੀ ਚੰਦਰਮਾ ’ਤੇ ਰਹਿਣ ਲੱਗੀਏ।

ਚੰਦਰਯਾਨ-3 ਦੀ ਸਫਲ ਲਾਂਚਿੰਗ ਮੀਲ ਦਾ ਪੱਥਰ : ਦ੍ਰੌਪਤੀ ਮੁਰਮੂ

ਰਾਸ਼ਟਰਪਤੀ ਦ੍ਰੌਪਤੀ ਮੁਰਮੂ ਨੇ ਐੱਲ. ਵੀ. ਐੱਮ.3-ਐੱਮ. 4 ਰਾਕੇਟ ਦੇ ਜ਼ਰੀਏ ਭਾਰਤ ਦੇ ਤੀਸਰੇ ਚੰਦਰ ਮਿਸ਼ਨ-‘ਚੰਦਰਯਾਨ-3’ ਦੀ ਸਫਲ ਲਾਂਚਿੰਗ ’ਤੇ ਸ਼ੁੱਕਰਵਾਰ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ’ਚ ਤਰੱਕੀ ਪ੍ਰਤੀ ਰਾਸ਼ਟਰ ਦੀ ਦ੍ਰਿੜ ਵਚਨਬੱਧਤਾ ਨੂੰ ਪ੍ਰਦਰਸ਼ਿਤ ਕਰਦਾ ਹੈ। ਉਨ੍ਹਾਂ ਟਵੀਟ ਕੀਤਾ, ‘‘ਭਾਰਤ ਦੇ ਤੀਸਰੇ ਚੰਦਰ ਮਿਸ਼ਨ ਚੰਦਰਯਾਨ-3 ਦੀ ਸਫਲ ਲਾਂਚਿੰਗ ਪੁਲਾੜ ਖੋਜ ਦੇ ਖੇਤਰ ’ਚ ਇਕ ਹੋਰ ਮੀਲ ਦਾ ਪੱਥਰ ਹੈ।’’
 


author

Rakesh

Content Editor

Related News