ਅੱਤਵਾਦੀ ਅਬੂ ਯੂਸੁਫ ਦੇ ਪਿਤਾ ਬੋਲੇ- ''ਹੈਰਾਨ ਹਾਂ ਮੇਰਾ ਪੁੱਤ ਅੱਤਵਾਦ ਦੀ ਰਾਹ ''ਤੇ ਚੱਲ ਪਿਆ''
Sunday, Aug 23, 2020 - 04:12 PM (IST)
ਲਖਨਊ (ਭਾਸ਼ਾ)— ਦਿੱਲੀ 'ਚ ਸ਼ਨੀਵਾਰ ਨੂੰ ਆਈ. ਐੱਸ. ਆਈ. ਐੱਸ. ਦੇ ਅੱਤਵਾਦੀ ਅਬੂ ਯੂਸੁਫ ਉਰਫ ਮੁਸਤਕੀਮ ਦੀ ਗ੍ਰਿਫ਼ਤਾਰੀ ਤੋਂ ਹੈਰਾਨ ਉਸ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਕਦੇ ਇਹ ਨਹੀਂ ਲੱਗਾ ਕਿ ਉਨ੍ਹਾਂ ਦਾ ਪੁੱਤਰ ਅੱਤਵਾਦ ਦੀ ਰਾਹ 'ਤੇ ਚੱਲ ਪਿਆ ਹੈ। ਅਬੂ ਦੇ ਪਿਤਾ ਕਫੀਲ ਅਹਿਮਦ ਨੇ ਐਤਵਾਰ ਨੂੰ ਇਕ ਟੀ. ਵੀ. ਚੈਨਲ ਨੂੰ ਕਿਹਾ ਕਿ ਉਨ੍ਹਾਂ ਦਾ ਪੁੱਤਰ ਬੀਮਾਰ ਰਹਿੰਦਾ ਸੀ ਅਤੇ ਉਨ੍ਹਾਂ ਨੂੰ ਕਦੇ ਅਹਿਸਾਸ ਤੱਕ ਨਹੀਂ ਹੋਇਆ ਕਿ ਉਹ ਅੱਤਵਾਦ ਦੀ ਰਾਹ 'ਤੇ ਚੱਲ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਬੂ ਯੂਸੁਫ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਰਾਠ ਜਾਣ ਲਈ ਆਪਣੇ ਘਰ ਤੋਂ ਨਿਕਲਿਆ ਸੀ। ਉਸ ਤੋਂ ਬਾਅਦ ਉਸ ਦਾ ਕੁਝ ਪਤਾ ਨਹੀਂ ਲੱਗਾ, ਸ਼ਨੀਵਾਰ ਨੂੰ ਪਤਾ ਲੱਗਾ ਕਿ ਦਿੱਲੀ 'ਚ ਉਸ ਦੀ ਗ੍ਰਿਫ਼ਤਾਰੀ ਹੋਈ ਹੈ।
ਇਹ ਪੁੱਛੇ ਜਾਣ 'ਤੇ ਪੁਲਸ ਦੱਸ ਰਹੀ ਹੈ ਕਿ ਯੂਸੁਫ ਨੇ ਇੱਥੇ ਕਿਤੇ ਬਾਰੂਦ ਇਕੱਠਾ ਕੀਤਾ ਸੀ ਅਤੇ ਨੇੜੇ ਦੇ ਕਬਰਸਤਾਨ 'ਚ ਜਾ ਕੇ ਬੰਬ ਟੈਸਟਿੰਗ ਕਰਦਾ ਸੀ। ਕਫੀਲ ਨੇ ਕਿਹਾ ਕਿ ਉਹ ਬਾਗ ਵਿਚ ਤਾਂ ਜਾਂਦਾ ਹੀ ਨਹੀਂ ਸੀ। ਹੋ ਸਕਦਾ ਹੈ ਕਿ ਇਕ ਅੱਧੀ ਵਾਰ ਚੱਲਾ ਗਿਆ ਹੋਵੇ ਪਰ ਅਸੀਂ ਬਾਰੂਦ ਬਾਰੇ ਤਾਂ ਕੁਝ ਸੁਣਿਆ ਹੀ ਨਹੀਂ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਪਤਾ ਹੁੰਦਾ ਕਿ ਉਨ੍ਹਾਂ ਦਾ ਪੁੱਤਰ ਬਾਰੂਦ ਇਕੱਠਾ ਕਰ ਰਿਹਾ ਹੈ ਤਾਂ ਉਹ ਉਸ ਨੂੰ ਆਪਣੇ ਘਰ ਵਿਚ ਕਦੇ ਵੀ ਨਾ ਰਹਿਣ ਦਿੰਦੇ। ਇਹ ਗੱਲ ਸਾਰੇ ਜਾਣਦੇ ਹਨ ਕਿ ਅਬੂ ਬਹੁਤ ਚੰਗਾ ਮੁੰਡਾ ਹੈ। ਉਹ ਬਹੁਤ ਹੀ ਸਲੀਕੇ ਨਾਲ ਗੱਲਬਾਤ ਕਰਦਾ ਹੈ। ਕਿਸੇ ਨਾਲ ਕੋਈ ਝਗੜਾ ਨਹੀਂ ਕਰਦਾ।
ਜ਼ਿਕਰਯੋਗ ਹੈ ਕਿ ਬਲਰਾਮਪੁਰ ਜ਼ਿਲ੍ਹੇ ਦੇ ਬਢੀਆ ਭਕਸਾਈ ਪਿੰਡ ਵਾਸੀ ਅਬੂ ਯੂਸੁਫ ਉਰਫ ਮੁਸਤਕੀਮ ਨੂੰ ਦਿੱਲੀ ਪੁਲਸ ਨੇ ਧੌਲਾ ਕੁਆਂ ਇਲਾਕੇ 'ਚ ਬੀਤੇ ਦਿਨੀਂ ਗ੍ਰਿਫ਼ਤਾਰ ਕੀਤਾ ਸੀ। ਪੁਲਸ ਦਾ ਕਹਿਣਾ ਹੈ ਕਿ ਯੂਸੁਫ ਆਈ. ਐੱਸ. ਆਈ. ਐੱਸ. ਦਾ ਅੱਤਵਾਦੀ ਹੈ ਅਤੇ ਉਸ ਕੋਲ ਆਈ. ਈ. ਡੀ. ਵਿਸਫੋਟਕ ਬਰਾਮਦ ਕੀਤੇ ਗਏ। ਪ੍ਰਦੇਸ਼ ਦੇ ਅੱਤਵਾਦ ਰੋਕੂ ਦਸਤੇ ਦੀ ਇਕ ਟੀਮ ਸ਼ਨੀਵਾਰ ਨੂੰ ਯੂਸੁਫ ਦੇ ਘਰ ਪੁੱਜੀ ਸੀ ਅਤੇ ਕਈ ਲੋਕਾਂ ਨਾਲ ਪੁੱਛ-ਗਿੱਛ ਕੀਤੀ ਸੀ।