ਅਨੋਖਾ ਸਕੂਲ ; ਇੱਥੇ ਕਿਤਾਬਾਂ ਨਹੀਂ, ਰੁੱਖਾਂ ਤੋਂ ਸਿੱਖਦੇ ਹਨ ਬੱਚੇ, IRS ਰੋਹਿਤ ਮਹਿਰਾ ਦੀ ਨਵੇਕਲੀ ਪਹਿਲ

Saturday, Dec 13, 2025 - 02:01 PM (IST)

ਅਨੋਖਾ ਸਕੂਲ ; ਇੱਥੇ ਕਿਤਾਬਾਂ ਨਹੀਂ, ਰੁੱਖਾਂ ਤੋਂ ਸਿੱਖਦੇ ਹਨ ਬੱਚੇ, IRS ਰੋਹਿਤ ਮਹਿਰਾ ਦੀ ਨਵੇਕਲੀ ਪਹਿਲ

ਨੈਸ਼ਨਲ ਡੈਸਕ- ਆਈ.ਆਰ.ਐੱਸ. ਅਫ਼ਸਰ ਰੋਹਿਤ ਮਹਿਰਾ ਅਤੇ ਉਨ੍ਹਾਂ ਦੀ ਪਤਨੀ ਗੀਤਾਂਜਲੀ ਮਹਿਰਾ ਨੇ ਮਿਲ ਕੇ ਇੱਕ ਅਨੋਖਾ ਪ੍ਰਯੋਗ ਸ਼ੁਰੂ ਕੀਤਾ ਹੈ, ਜਿਸ ਨੂੰ "ਰੁੱਖਾਂ ਦੀ ਪਾਠਸ਼ਾਲਾ (School of Trees)" ਦਾ ਨਾਂ ਦਿੱਤਾ ਗਿਆ ਹੈ। ਇਹ ਕੋਈ ਰਵਾਇਤੀ ਸਕੂਲ ਨਹੀਂ ਹੈ, ਇੱਥੇ ਨਾ ਕੋਈ ਬਲੈਕਬੋਰਡ ਹੈ, ਨਾ ਕਿਤਾਬਾਂ ਅਤੇ ਨਾ ਹੀ ਪ੍ਰੀਖਿਆ ਦਾ ਡਰ। ਇਹ ਇੱਕ ਸੋਸਾਇਟੀ ਗਾਰਡਨ ਹੈ, ਜਿੱਥੇ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਦੂਜੀ ਤੋਂ ਦਸਵੀਂ ਕਲਾਸ ਤੱਕ ਦੇ ਬੱਚੇ ਇਕੱਠੇ ਹੁੰਦੇ ਹਨ। ਇੱਥੇ ਬੱਚੇ ਰੁੱਖਾਂ ਨੂੰ ਛੂਹ ਕੇ, ਦੇਖ ਕੇ ਅਤੇ ਸਮਝ ਕੇ ਸਿੱਖਦੇ ਹਨ।

ਇਸ ਸਕੂਲ ਦਾ ਨਿਯਮ ਬਹੁਤ ਸਰਲ ਹੈ- ਦੋ ਘੰਟੇ ਦੀ ਕਲਾਸ ਵਿੱਚ 75 ਫੀਸਦੀ ਸਮਾਂ ਪ੍ਰੈਕਟੀਕਲ ਗਤੀਵਿਧੀਆਂ ਦਾ ਹੁੰਦਾ ਹੈ ਅਤੇ 25 ਫੀਸਦੀ ਬੁਨਿਆਦੀ ਸਮਝ ਦਾ। ਮਿੱਟੀ, ਬੀਜ, ਧੁੱਪ, ਪੱਤੇ ਅਤੇ ਜ਼ੁਬਾਨੀ ਸਵਾਲ, ਇਹੀ ਸਾਰੀ ਪੜ੍ਹਾਈ ਦਾ ਸਿਲੇਬਸ ਹਨ। ਮਹਿਰਾ ਦਾ ਕਹਿਣਾ ਹੈ ਕਿ ਬੱਚਿਆਂ ਲਈ ਰੁੱਖਾਂ ਨੂੰ ਇਸ ਤਰ੍ਹਾਂ ਸਿਖਾਉਣ ਵਾਲਾ ਕੋਈ ਹੋਰ ਪਲੇਟਫਾਰਮ ਇੰਟਰਨੈੱਟ 'ਤੇ ਵੀ ਨਹੀਂ ਮਿਲੇਗਾ।

ਕਿਵੇਂ ਸਿੱਖਦੇ ਹਨ ਬੱਚੇ ?
ਪਹਿਲੇ ਸੈਸ਼ਨ ਵਿੱਚ ਹੀ ਉਮੀਦ ਤੋਂ ਕਿਤੇ ਵੱਧ ਲਗਭਗ 40 ਬੱਚੇ ਇਕੱਠੇ ਹੋਏ ਸਨ। ਕਲਾਸ ਦੀ ਸ਼ੁਰੂਆਤ "ਇਨਸਾਨ ਅਤੇ ਰੁੱਖ ਵਿੱਚ ਕੀ ਫਰਕ ਹੈ ?" ਵਰਗੇ ਸਧਾਰਨ ਸਵਾਲ ਨਾਲ ਹੋਈ। ਇਸ ਤੋਂ ਬਾਅਦ ਬੱਚਿਆਂ ਨੇ ਆਲੇ-ਦੁਆਲੇ ਦੇ ਰੁੱਖਾਂ ਦੀ ਪਛਾਣ ਕੀਤੀ, ਛੋਟੇ ਪੌਦਿਆਂ ਦੇ ਨਾਮ ਜਾਣੇ ਅਤੇ ਝਾੜੀਆਂ, ਵੇਲਾਂ ਅਤੇ ਵੱਡੇ ਰੁੱਖਾਂ ਦੇ ਫਰਕ ਨੂੰ ਸਮਝਿਆ।

ਉਨ੍ਹਾਂ ਨੇ ਸਹਿੰਜਣੇ (ਮੋਰਿੰਗਾ) ਦੇ ਪੌਦੇ ਬਾਰੇ ਜਾਣਿਆ ਅਤੇ ਕਈ ਬੱਚੇ ਅਗਲੇ ਦਿਨ ਘਰੋਂ ਉਸ ਦੇ ਪੱਤੇ ਲੈ ਕੇ ਆਏ। ਬੱਚਿਆਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਪੱਤੇ ਕਿਵੇਂ ਧੁੱਪ ਦੀ ਦਿਸ਼ਾ ਵਿੱਚ ਘੁੰਮਦੇ ਹਨ ਅਤੇ ਸੂਰਜ ਦੀ ਰੋਸ਼ਨੀ ਹਾਸਲ ਕਰਨ ਲਈ ਖੁਦ ਨੂੰ ਢਾਲਦੇ ਹਨ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਰੁੱਖ ਦੀਆਂ ਜੜ੍ਹਾਂ ਕਿਵੇਂ ਕੰਮ ਕਰਦੀਆਂ ਹਨ ਅਤੇ ਇੱਕ ਰੁੱਖ ਮਰਨ ਤੋਂ ਬਾਅਦ ਵੀ ਕੀੜਿਆਂ, ਜਾਨਵਰਾਂ ਅਤੇ ਸੂਖਮ ਜੀਵਾਂ ਨੂੰ ਕਿਵੇਂ ਜੀਵਨ ਦਿੰਦਾ ਹੈ। ਇਸ ਪਾਠਸ਼ਾਲਾ ਵਿੱਚ ਬੱਚੇ ਸੀਡ ਬਾਲ ਬਣਾਉਂਦੇ ਹਨ, ਉਹ ਘਰੋਂ ਖਾਲੀ ਪਲਾਸਟਿਕ ਦੇ ਗਲਾਸ ਲਿਆਉਂਦੇ ਹਨ, ਉਨ੍ਹਾਂ ਵਿੱਚ ਮਿੱਟੀ ਭਰਦੇ ਹਨ, ਬੀਜ ਬੀਜਦੇ ਹਨ ਅਤੇ ਰੋਜ਼ ਉਨ੍ਹਾਂ ਨੂੰ ਵਧਦੇ ਦੇਖਦੇ ਹਨ।

ਇਹ ਦ੍ਰਿਸ਼ਟੀਕੋਣ ਸਿਰਫ਼ ਸੋਸਾਇਟੀ ਤੱਕ ਸੀਮਿਤ ਨਹੀਂ
ਭਾਵੇਂ ਇਹ ਪਹਿਲ ਫਿਲਹਾਲ ਮਹਿਰਾ ਦੀ ਰਿਹਾਇਸ਼ੀ ਸੁਸਾਇਟੀ ਤੱਕ ਸੀਮਿਤ ਹੈ, ਪਰ ਇਸ ਪਾਠਸ਼ਾਲਾ ਬਾਰੇ ਲੋਕਾਂ ਦੀ ਦਿਲਚਸਪੀ ਤੇਜ਼ੀ ਨਾਲ ਵਧ ਰਹੀ ਹੈ। ਮਹਿਰਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੁਪਨਾ ਸਿਰਫ਼ ਇੱਕ ਬਾਗ ਤੱਕ ਸੀਮਿਤ ਨਹੀਂ ਹੈ, ਬਲਕਿ ਉਨ੍ਹਾਂ ਦਾ ਦ੍ਰਿਸ਼ਟੀਕੋਣ ਪੂਰੇ ਭਾਰਤ ਲਈ ਹੈ। ਉਹ ਮੰਨਦੇ ਹਨ ਕਿ ਹਰ ਸਕੂਲ 'ਚ ਹਫ਼ਤੇ ਵਿੱਚ ਘੱਟੋ-ਘੱਟ 2 ਘੰਟੇ ਬੱਚਿਆਂ ਨੂੰ ਰੁੱਖਾਂ ਦੀ ਸਿੱਖਿਆ ਦੇਣੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ਅਨੁਸਾਰ ਅਸਲੀ ਸਿੱਖਿਆ ਇਹੀ ਹੈ। ਉਹ ਭਵਿੱਖ ਵਿੱਚ ਵਾਤਾਵਰਣ ਨਾਲ ਸਬੰਧਤ ਲੋਕਾਂ ਨੂੰ ਵੀ ਬੱਚਿਆਂ ਨਾਲ ਗੱਲ ਕਰਨ ਲਈ ਬੁਲਾਉਣ ਦੀ ਯੋਜਨਾ ਬਣਾ ਰਹੇ ਹਨ। ਉਹ ਮੰਨਦੇ ਹਨ ਕਿ ਬੱਚਿਆਂ ਲਈ ਰੁੱਖਾਂ ਦੀ ਪਛਾਣ ਓਨੀ ਹੀ ਜ਼ਰੂਰੀ ਹੈ ਜਿੰਨੀ ਅੱਖਰਾਂ ਦੀ।


author

Harpreet SIngh

Content Editor

Related News