ਤਾਲਬੰਦੀ 'ਚ ਜਨਾਨੀਆਂ ਨੂੰ ਮੁਫ਼ਤ ਸੈਨੇਟਰੀ ਕਿੱਟ ਵੰਡ ਰਹੀ ਇਰਫਾਨਾ ਜਰਗਰ
Monday, Aug 03, 2020 - 10:19 PM (IST)
ਸ਼੍ਰੀਨਗਰ- ਲਾਕਡਾਊਨ ਕਾਰਨ ਕਸ਼ਮੀਰ 'ਚ ਔਰਤਾਂ ਨੂੰ ਆਪਣੇ ਸੈਨੇਟਰੀ ਨੈਪਕਿਨ ਖਰੀਦਣ 'ਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹ ਦੇਖਦੇ ਹੋਏ ਕਸ਼ਮੀਰ ਦੀ ਇਕ ਔਰਤ ਇਰਫਾਨਾ ਜਰਗਰ ਨੇ ਸ਼੍ਰੀਨਗਰ ਅਤੇ ਨੇੜਲੇ ਖੇਤਰਾਂ 'ਚ ਔਰਤਾਂ ਅਤੇ ਨੌਜਵਾਨ ਕੁੜੀਆਂ ਨੂੰ ਮੁਫ਼ਤ ਸੈਨੇਟਰੀ ਕਿੱਟ ਵੰਡਣ ਦੀ ਪਹਿਲ ਸ਼ੁਰੂ ਕੀਤੀ। 'ਈਵਾ ਸੇਫਟੀ ਕਿੱਟ' ਨਾਮੀ ਇਕ ਪਹਿਲ ਦੇ ਅਧੀਨ ਇਰਫਾਨਾ ਜਰਗਰ ਨੇ ਔਰਤਾਂ ਲਈ ਕੁਝ ਕਰਨ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਨੇ ਪਹਿਲ ਆਪਣੇ ਪਿਤਾ ਗੁਲਾਮ ਹਸਨ ਜਰਗਰ ਨੂੰ ਸਮਰਪਿਤ ਕੀਤੀ।
ਉਨ੍ਹਾਂ ਨੇ ਕਿਹਾ ਕਿ ਜੇਕਰ ਮੇਰੀਆਂ ਭੈਣਾਂ ਅਤੇ ਭਰਾ ਮੇਰੇ ਨਾਲ ਹਨ ਤਾਂ ਅੱਲਾਹ ਦੀ ਮਦਦ ਨਾਲ ਮੈਂ ਇਸ ਪਹਿਲ ਨੂੰ ਅੱਗੇ ਵਧਾਵਂਗੀ ਅਤੇ ਲਾਕਡਾਊਨ ਹਟਣ ਤੋਂ ਬਾਅਦ ਮੈਂ ਇਸ ਪਹਿਲ ਨੂੰ ਪਿੰਡਾਂ ਤੱਕ ਲਿਜਾਉਣਾ ਚਾਹੁੰਦੀ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਔਰਤਾਂ ਦਾ ਵਿਕਾਸ ਸਮਾਜ ਲਈ ਜ਼ਰੂਰੀ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਮਾਜ ਦਾ ਵਿਕਾਸ ਹੋਵੇ ਤਾਂ ਔਰਤਾਂ ਦੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ। ਸਥਾਨਕ ਲੋਕਾਂ ਨੇ ਇਰਫਾਨਾ ਦੀ ਪਹਿਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਉਸ ਦਾ ਸਮਰਥਨ ਕਰਨਗੇ।