ਇਰਾਕ ਪਰਤਣ ਲਈ ਰੋ-ਰੋ ਬੇਹਾਲ ਹੋਈ ਇਹ ਬੀਬੀ, ਕਿਹਾ-''ਪਰਿਵਾਰ ਕੋਲ ਆਖ਼ਰੀ ਸਾਹ ਲੈਣਾ ਚਾਹੁੰਦੀ ਹਾਂ''
Wednesday, Oct 28, 2020 - 06:29 PM (IST)

ਨਵੀਂ ਦਿੱਲੀ— ਕੋਰੋਨਾ ਮਹਾਮਾਰੀ ਅਤੇ ਤਾਲਾਬੰਦੀ ਕਰ ਕੇ ਬਹੁਤ ਸਾਰੇ ਲੋਕਾਂ ਨੂੰ ਵੱਡੀ ਪਰੇਸ਼ਾਨੀ ਝੱਲਣੀ ਪਈ। ਇਲਾਜ ਲਈ ਭਾਰਤ ਯਾਤਰਾ 'ਤੇ ਆਈ ਇਕ ਇਰਾਕੀ ਬੀਬੀ ਕੋਰੋਨਾ ਵਾਇਰਸ ਕਾਰਨ ਮੁਸੀਬਤ ਵਿਚ ਫਸ ਗਈ ਹੈ। ਦਿੱਲੀ ਦੇ ਮੈਕਸ ਹਸਪਤਾਲ ਕੋਲ ਸਥਿਤ ਇਕ ਹੋਟਲ ਵਿਚ ਠਹਿਰੀ ਬੀਬੀ ਨੇ ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨ ਅਤੇ ਨੈਸ਼ਨਲ ਹਿਊਮਨ ਰਾਈਟ ਸੋਸ਼ਲ ਜਸਟਿਸ ਕੌਂਸਲ ਗਲੋਬਲ ਤੋਂ ਮਦਦ ਮੰਗੀ ਹੈ। ਬੀਬੀ ਦਾ ਨਾ ਸਊਦ ਨੇਮਹੇ ਹੈ, ਜਿਸ ਨੇ ਇਕ ਵੀਡੀਓ ਪੋਸਟ ਕਰਦਿਆਂ ਭਾਰਤ ਅਤੇ ਇਰਾਕ ਸਰਕਾਰ ਨੂੰ ਉਸ ਦੀ ਵਤਨ ਵਾਪਸੀ ਲਈ ਮਦਦ ਦੀ ਗੁਹਾਰ ਲਾਈ ਹੈ।
ਇਹ ਵੀ ਪੜ੍ਹੋ: ਹੁਣ ਜੰਮੂ-ਕਸ਼ਮੀਰ ਵਿਚ ਕੋਈ ਵੀ ਖ਼ਰੀਦ ਸਕਦਾ ਹੈ ਜ਼ਮੀਨ, ਨਵਾਂ ਕਾਨੂੰਨ ਲਾਗੂ
ਬੀਬੀ ਸਊਦ ਨੇਮਹੇ ਨੇ ਆਪਣੇ ਵੀਡੀਓ ਸੰਦੇਸ਼ ਵਿਚ ਕਿਹਾ ਹੈ ਕਿ ਮੈਂ ਮੈਕਸ ਹਸਪਤਾਲ ਕੋਲ ਇਕ ਹੋਟਲ ਵਿਚ ਰਹਿ ਰਹੀ ਹਾਂ। ਕ੍ਰਿਪਾ ਕਰ ਕੇ ਮੇਰੀ ਮਦਦ ਕੀਤੀ ਜਾਵੇ। ਮੈਂ ਬਹੁਤ ਮੁਸ਼ਕਲ ਵਿਚ ਹਾਂ। ਪੀੜਤ ਬੀਬੀ ਨੇ ਦੱਸਿਆ ਕਿ ਉਹ ਇਰਾਕ ਵਿਚ ਇਕ ਮੀਡੀਆ ਕਰਮੀ ਹੈ। ਉਹ ਆਪਣੀ ਰੀੜ੍ਹ ਦੀ ਬੀਮਾਰੀ ਦੇ ਇਲਾਜ ਲਈ ਕੁਝ ਡਾਕਟਰੀ ਪਰੀਖਣ ਕਰਵਾਉਣ ਲਈ ਭਾਰਤ ਆਈ ਸੀ ਪਰ ਜਾਂਚ ਵਿਚ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਇੱਥੇ ਹੀ ਕੁਆਰਟਾਈਨ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: 'ਗੋ ਕੋਰੋਨਾ ਗੋ' ਦਾ ਨਾਅਰਾ ਦੇਣ ਵਾਲੇ ਕੇਂਦਰੀ ਮੰਤਰੀ ਰਾਮਦਾਸ ਆਠਵਲੇ ਵੀ ਹੋਏ ਕੋਰੋਨਾ ਦੇ ਸ਼ਿਕਾਰ
ਸਊਦ ਨੇ ਦੱਸਿਆ ਕਿ ਹੁਣ ਉਹ ਪਹਿਲਾਂ ਨਾਲੋਂ ਠੀਕ ਹੈ ਅਤੇ ਆਪਣੇ ਦੇਸ਼ ਪਰਤਣਾ ਚਾਹੁੰਦੀ ਹੈ ਪਰ ਉਸ ਨੂੰ ਯਾਤਰਾ ਕਰਨ ਤੋਂ ਰੋਕਿਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਇੱਥੇ ਇਕੱਲੀ ਹੈ ਅਤੇ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ। ਉਹ ਇਕ ਮਰੀਜ਼ ਹੈ, ਇਸ ਲਈ ਉਸ ਦੀ ਛੇਤੀ ਤੋਂ ਛੇਤੀ ਮਦਦ ਕੀਤੀ ਜਾਵੇ। ਸਊਦ ਨੇ ਦੱਸਿਆ ਕਿ ਭਾਰਤ ਵਿਚ ਇਕੱਲੇ ਹੋਣ ਕਰਕੇ ਉਸ ਦੀ ਸਿਹਤ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ। ਸਊਦ ਨੇ ਇਰਾਕੀ ਸਰਕਾਰ ਵਿਸ਼ੇਸ਼ ਰੂਪ ਨਾਲ ਪ੍ਰਧਾਨ ਮੰਤਰੀ ਮੁਸਤਫਾ ਅਲ-ਕਾਦਿਮੀ, ਇਰਾਕੀ ਵਿਦੇਸ਼ ਮੰਤਰੀ ਅਤੇ ਨਵੀਂ ਦਿੱਲੀ ਵਿਚ ਇਰਾਕੀ ਦੂਤਘਰ ਨੂੰ ਸੰਬੋਧਿਤ ਕਰਦੇ ਹੋਏ ਬੇਨਤੀ ਕੀਤੀ ਹੈ ਕਿ ਕ੍ਰਿਪਾ ਕਰ ਕੇ ਉਸ ਦੀ ਦੇਸ਼ ਵਾਪਸੀ ਲਈ ਮਦਦ ਕਰੋ। ਸਊਦ ਨੇ ਇਹ ਵੀ ਕਿਹਾ ਕਿ ਉਹ ਆਪਣੇ ਘਰ ਪਰਤ ਕੇ ਆਪਣੇ ਪਰਿਵਾਰ ਦਰਮਿਆਨ ਦਮ ਤੋੜਨਾ ਚਾਹੁੰਦੀ ਹੈ, ਨਾ ਕਿ ਭਾਰਤ ਵਿਚ ਇਕੱਲੇ ਮਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ: ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼, ਕੰਟੇਨਮੈਂਟ ਜ਼ੋਨ 'ਚ 30 ਨਵੰਬਰ ਤੱਕ ਲਾਗੂ ਰਹੇਗੀ ਤਾਲਾਬੰਦੀ