INX ਮੀਡੀਆ ਕੇਸ : ਕਾਰਤੀ ਚਿਦਾਂਬਰਮ ਦੇ 5 ਠਿਕਾਣਿਆਂ ''ਤੇ ED ਨੇ ਮਾਰੇ ਛਾਪੇ

01/13/2018 11:29:15 AM

ਨਵੀਂ ਦਿੱਲੀ — ਇਨਫੋਰਸਮੈਂਟ ਡਾਇਰੈਕਟੋਰੇਟ(ਈ.ਡੀ.) ਦੇ ਅਧਿਕਾਰੀਆਂ ਨੇ ਕੱਲ੍ਹ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਦੇ ਪੁੱਤਰ ਕਾਰਤੀ ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ INX ਮੀਡੀਆ ਮਾਮਲੇ ਨਾਲ ਜੁੜੀਆਂ ਬੇਨਿਯਮੀਆਂ ਦੇ ਸੰਬੰਧ 'ਚ ਅਧਿਕਾਰੀਆਂ ਨੇ ਦਿੱਲੀ ਅਤੇ ਚੇਨਈ ਸਥਿਤ ਪੰਜ ਸਥਾਨਾਂ 'ਤੇ ਛਾਪੇਮਾਰੀ ਕੀਤੀ। ਇਨ੍ਹਾਂ 'ਚ ਇਕ ਠਿਕਾਣਾ ਦਿੱਲੀ ਦੇ ਜੰਗਪੁਰਾ 'ਚ ਜਦਕਿ ਚਾਰ ਹੋਰ ਚੇਨਈ 'ਚ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਈ.ਡੀ. ਨੇ ਸਾਲ 2007 ਦੇ ਆਈ.ਐੱਨ.ਐਕਸ. ਮੀਡੀਆ ਨੂੰ ਦਿੱਤੀ ਗਈ ਐੱਫ.ਆਈ.ਪੀ.ਬੀ. ਮਨਜ਼ੂਰੀ 'ਚ ਕਥਿਤ ਤੌਰ ਤੇ ਬੇਨਿਯਮੀਆਂ ਨਾਲ ਜੁੜੇ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ 'ਚ ਸੰਮਨ ਜਾਰੀ ਕੀਤਾ ਸੀ। ਈ.ਡੀ. ਨੇ ਕਾਰਤੀ ਚਿਦਾਂਬਰਮ ਦੇ ਖਿਲਾਫ ਮਈ 2017 'ਚ (ਮਨੀ ਲਾਂਡਰਿੰਗ) ਦਾ ਮਾਮਲਾ ਦਰਜ ਕੀਤਾ ਸੀ।
ਕਾਰਤੀ 'ਤੇ ਲੱਗਾ ਇਹ ਦੋਸ਼
ਕਾਰਤੀ 2007 'ਚ ਆਈ.ਐੱਨ.ਐਕਸ. ਮੀਡੀਆ ਲਿਮਟਿਡ ਨੂੰ ਫੌਰਨ ਇਨਵੈਸਟਮੈਂਟ ਪ੍ਰਮੋਸ਼ਨ ਬੋਰਡ(ਐਫ.ਆਈ.ਪੀ.ਬੀ.) ਦੀ ਮਨਜ਼ੂਰੀ ਅਸਾਨ ਬਣਾਉਣ 'ਚ ਆਪਣੀ ਭੂਮਿਕਾ ਨੂੰ ਲੈ ਕੇ ਜਾਂਚ ਦਾ ਸਾਹਮਣਾ ਕਰ ਰਹੇ ਹਨ।  ਉਸ ਦੌਰਾਨ ਉਨ੍ਹਾਂ ਦੇ ਪਿਤਾ ਪੀ. ਚਿਦਾਂਬਰਮ ਕੇਂਦਰੀ ਵਿੱਤ ਮੰਤਰੀ ਸਨ। ਕਾਰਤੀ 'ਤੇ ਐੱਫ.ਆਈ.ਪੀ.ਬੀ. ਦੀ ਪ੍ਰਵਾਨਗੀ ਪ੍ਰਾਪਤ ਕਰਨ 'ਚ ਸਹਾਇਤਾ ਲਈ ਕਥਿਤ ਤੌਰ 'ਤੇ ਮੁੰਬਈ ਦੀ ਆਈ.ਐੱਨ.ਐਕਸ. ਮੀਡੀਆ(ਹੁਣ 9 ਐਕਸ ਮੀਡੀਆ) ਤੋਂ 3.5 ਕਰੋੜ ਪ੍ਰਾਪਤ ਕਰਨ ਦਾ ਦੋਸ਼ ਹੈ। ਉਸ ਦੌਰਾਨ ਆਈ.ਐੱਨ.ਐਕਸ. ਦੇ ਸੰਚਾਲਕ ਪੀਟਰ ਅਤੇ ਇੰਦ੍ਰਾਣੀ ਮੁਖਰਜੀ ਸਨ।


Related News