ਜਾਂਚ ਏਜੰਸੀਆਂ 'ਤੇ ਊਧਵ ਠਾਕਰੇ ਦਾ ਵੱਡਾ ਇਲਜ਼ਾਮ, ਕੇਂਦਰ ਦੇ ਪਾਲਤੂ ਜਾਨਵਰਾਂ ਵਾਂਗ ਕਰ ਰਹੀਆਂ ਕੰਮ

Friday, Nov 11, 2022 - 10:14 AM (IST)

ਜਾਂਚ ਏਜੰਸੀਆਂ 'ਤੇ ਊਧਵ ਠਾਕਰੇ ਦਾ ਵੱਡਾ ਇਲਜ਼ਾਮ, ਕੇਂਦਰ ਦੇ ਪਾਲਤੂ ਜਾਨਵਰਾਂ ਵਾਂਗ ਕਰ ਰਹੀਆਂ ਕੰਮ

ਮੁੰਬਈ (ਭਾਸ਼ਾ)- ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਹੈ ਕਿ ਕੇਂਦਰੀ ਜਾਂਚ ਏਜੰਸੀਆਂ ਕੇਂਦਰ ਦੇ ਪਾਲਤੂ ਜਾਨਵਰਾਂ ਵਾਂਗ ਕੰਮ ਕਰ ਰਹੀਆਂ ਹਨ ਅਤੇ ਮਨੀ ਲਾਂਡਰਿੰਗ ਮਾਮਲੇ ’ਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੂੰ ਜ਼ਮਾਨਤ ਦੇਣ ਦਾ ਅਦਾਲਤ ਦਾ ਫ਼ੈਸਲਾ ਦੇਸ਼ ਲਈ ਇਕ ਮਾਰਗ ਦਰਸ਼ਕ ਵਰਗਾ ਸੀ। ਮੁੰਬਈ ਦੇ ਬਾਂਦਰਾ ਇਲਾਕੇ ’ਚ ਆਪਣੀ ਰਿਹਾਇਸ਼ ‘ਮਾਤੋਸ਼੍ਰੀ’ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸ਼ਿਵ ਸੈਨਾ ਦੇ ਇਕ ਧੜੇ ਦੇ ਮੁਖੀ ਠਾਕਰੇ ਨੇ ਕਿਹਾ ਕਿ ਰਾਊਤ ਨੂੰ ਫਿਰ ਤੋਂ ਝੂਠੇ ਕੇਸ ’ਚ ਫਸਾਇਆ ਜਾ ਸਕਦਾ ਹੈ। ਊਧਵ ਠਾਕਰੇ ਨੇ ਦਾਅਵਾ ਕੀਤਾ ਕਿ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਕੇ ਕਈ ਪਾਰਟੀਆਂ ’ਚ ਵੰਡ ਪਾਈ ਗਈ ਅਤੇ ਗੈਰ-ਕਾਨੂੰਨੀ ਢੰਗ ਨਾਲ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ।

ਇਹ ਵੀ ਪੜ੍ਹੋ : ਕਰਜ਼ ਬਣਿਆ ਕਾਲ! ਬੱਚਿਆਂ ਸਮੇਤ ਪਰਿਵਾਰ ਦੇ 6 ਜੀਆਂ ਨੇ ਗਲ਼ ਲਾਈ ਮੌਤ

ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀਆਂ ਵੱਲੋਂ ਆਮ ਆਦਮੀ ਪਾਰਟੀ, ਭਾਰਤ ਰਾਸ਼ਟਰ ਸਮਿਤੀ, ਝਾਰਖੰਡ ਮੁਕਤੀ ਮੋਰਚਾ ਅਤੇ ਤ੍ਰਿਣਮੂਲ ਕਾਂਗਰਸ ਵਰਗੇ ਸਿਆਸੀ ਸੰਗਠਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਲਗਾਮ ਹਾਕਮਾਂ ਨੂੰ ਇਹ ਨਹੀਂ ਪਤਾ ਕਿ ਜੇਕਰ ਇਹ ਸਾਰੀਆਂ ਤਾਕਤਾਂ ਇਕੱਠੀਆਂ ਹੋ ਜਾਣ ਤਾਂ ਕੀ ਹੋਵੇਗਾ। ਸਾਰੇ ਦਿਨ ਇੱਕੋ ਜਿਹੇ ਨਹੀਂ ਹੁੰਦੇ ਅਤੇ ਹਾਲਾਤ ਬਦਲ ਜਾਂਦੇ ਹਨ। ਓਧਰ, ਜੇਲ ਤੋਂ ਰਿਹਾਅ ਹੋਣ ਤੋਂ ਇਕ ਦਿਨ ਬਾਅਦ ਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਸਿਆਸੀ ਸੀ ਅਤੇ ਇਸ ਤਰ੍ਹਾਂ ਦੀ ‘ਬਦਲੇ ਦੀ ਭਾਵਨਾ ਵਾਲੀ ਰਾਜਨੀਤੀ’ ਦੇਸ਼ ’ਚ ਪਹਿਲਾਂ ਕਦੇ ਨਹੀਂ ਦੇਖੀ ਗਈ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ’ਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਵੀ ਮੁਲਾਕਾਤ ਕਰਨਗੇ। ਉਨ੍ਹਾਂ ਭਵਿੱਖ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੀ ਵੀ ਗੱਲ ਕਹੀ ਪਰ ਇਸ ਬਾਰੇ ਵਧੇਰੇ ਜਾਣਕਾਰੀ ਨਹੀਂ ਦਿੱਤੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News