ਬੇਗੁਨਾਹ ਸ਼ਖਸ ਨੇ ਪੁਲਸ ਦੀ ਲਾਪਰਵਾਹੀ ਨਾਲ ਜੇਲ੍ਹ ’ਚ ਕੱਟੇ 30 ਸਾਲ, ਹੁਣ ਹੋਵੇਗੀ ਰਿਹਾਈ

Monday, Apr 03, 2023 - 11:01 AM (IST)

ਕੰਨੌਜ- ਇਕ ਸ਼ਖਸ ਨੇ ਆਪਣੀ ਜ਼ਿੰਦਗੀ ਦੇ 3 ਤੋਂ ਵੀ ਵੱਧ ਦਹਾਕੇ ਬਿਨਾਂ ਕਿਸੇ ਗਲਤੀ ਦੇ ਜੇਲ੍ਹ ਵਿਚ ਬਿਤਾ ਦਿੱਤੇ। ਹਰਦੋਈ ਜੇਲ੍ਹ ਵਿਚ ਬੰਦ ਇਸ ਵਿਅਕਤੀ ਦੀ ਰਿਹਾਈ ਲਈ ਕੰਨੌਜ ਦੀ ਕੋਰਟ ਤੋਂ ਪਰਵਾਨਾ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਫਿਰੋਜ਼ਾਬਾਦ ਦੇ ਮੁਹੱਲਾ ਕੰਬੋਹਾਨ ਦੇ ਵਾਸੀ ਰਾਜਿੰਦਰ ਸਿੰਘ ਨੇ 7 ਅਗਸਤ, 1991 ਨੂੰ ਲੁੱਟ ਦਾ ਮੁਕੱਦਮਾ ਦਰਜ ਕਰਵਾਇਆ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਕੁਝ ਲੋਕਾਂ ਨੇ ਛਿਬਰਾਮਊ ਦੇ ਬਜਰੀਆ ’ਚ ਗਹਿਣਿਆਂ ਨਾਲ ਭਰਿਆ ਉਨ੍ਹਾਂ ਦਾ ਥੈਲਾ ਲੁੱਟ ਲਿਆ। ਉਹ ਆਪਣੀ ਧੀ ਦੇ ਵਿਆਹ ਲਈ ਗਹਿਣੇ ਖਰੀਦ ਕੇ ਘਰ ਜਾ ਰਹੇ ਸਨ। ਪੁਲਸ ਨੇ ਮਾਮਲੇ ਦਾ ਜਲਦ ਖੁਲਾਸਾ ਕਰਨਾ ਸੀ। ਇਸ ਲਈ ਜਲਦੀ-ਜਲਦੀ ’ਚ ਛਿਬਰਾਮਊ ਦੇ ਰਹਿਣ ਵਾਲੇ ਵਿਨੋਦ ਉਰਫ਼ ਕੁਲੀਆ, ਰਮਾ ਉਰਫ ਰਮਾਸ਼ੰਕਰ, ਅਜੇ ਦੀਕਸ਼ਿਤ, ਰਾਮਪ੍ਰਕਾਸ਼ ਮਿਸ਼ਰਾ, ਉਮਾਕਾਂਤ ਮਿਸ਼ਰਾ, ਵਿੱਦਿਆਧਰ, ਨਰੇਸ਼ ਦੂਬੇ ਤੇ ਸਤੀਸ਼ ਚੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਕੋਲੋਂ ਮਾਲ ਤਾਂ ਕੁਝ ਬਰਾਮਦ ਨਹੀਂ ਹੋਇਆ ਪਰ ਪੁਲਸ ਨੇ ਇਨ੍ਹਾਂ ਦਾ ਚਲਾਨ ਕਰ ਦਿੱਤਾ।

ਇਹ ਵੀ ਪੜ੍ਹੋ : 9 ਸਾਲਾ ਮਾਸੂਮ ਦਾ ਜਬਰ-ਜ਼ਿਨਾਹ ਤੋਂ ਬਾਅਦ ਕਤਲ, ਲਾਸ਼ ਦੇ ਕੀਤੇ 10 ਟੁਕੜੇ

ਮਾਮਲਾ ਕੋਰਟ ’ਚ ਆਉਣ ਤੋਂ ਬਾਅਦ ਮੁਲਜ਼ਮਾਂ ਦੀ ਵਕੀਲਾਂ ਨੇ ਪੈਰਵੀ ਕੀਤੀ ਅਤੇ ਉਨ੍ਹਾਂ ਨੂੰ ਛੁਡਵਾ ਲਿਆ ਪਰ ਕੰਨੌਜ ਜ਼ਿਲ੍ਹੇ ਦੇ ਛਿਬਰਾਮਊ ਦੇ ਮੁਹੱਲਾ ਤਿਵਾਰੀਆਨ ਦੇ ਵਾਸੀ ਵਿਨੋਦ ਉਰਫ਼ ਕੁਲੀਆ ਹੁਣ ਬਜ਼ੁਰਗ ਹੋ ਗਏ ਹਨ। ਅਦਾਲਤ ’ਚ ਪੈਰਵੀ ਨਾ ਹੋ ਸਕਣ ਕਾਰਨ ਉਹ 30 ਸਾਲ ਤੱਕ ਜੇਲ੍ਹ ਵਿਚ ਬੰਦ ਰਹੇ। ਗ੍ਰਿਫ਼ਤਾਰੀ ਵੇਲੇ ਵਿਨੋਦ ਨਾਬਾਲਗ ਸਨ ਪਰ ਹੁਣ ਉਨ੍ਹਾਂ ਦੀ ਉਮਰ 50 ਤੋਂ ਪਾਰ ਹੋ ਚੁੱਕੀ ਹੈ। ਉਨ੍ਹਾਂ ਦੇ ਚਿਹਰੇ ’ਤੇ ਝੁਰੜੀਆਂ ਹਨ ਅਤੇ ਵਾਲ ਤੇ ਦਾੜ੍ਹੀ ਚਿੱਟੀ ਹੋ ਚੁੱਕੀ ਹੈ। ਉਨ੍ਹਾਂ ਦਾ ਵਿਆਹ ਵੀ ਨਹੀਂ ਹੋਇਆ ਸੀ ਅਤੇ ਜੇਲ੍ਹ ਵਿਚ ਰਹਿਣ ਦੌਰਾਨ ਹੀ ਉਨ੍ਹਾਂ ਦੇ ਮਾਪਿਆਂ ਦਾ ਦਿਹਾਂਤ ਹੋ ਗਿਆ ਸੀ। ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਦੋਸ਼-ਮੁਕਤ ਕਰਦੇ ਹੋਏ ਰਿਹਾਈ ਦਾ ਹੁਕਮ ਜਾਰੀ ਕੀਤਾ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News