ਕਿਡਨੈਪਰ ਨੂੰ ਜੱਫੀ ਪਾ ਕੇ ਜ਼ੋਰ-ਜ਼ੋਰ ਨਾਲ ਰੌਣ ਲੱਗਾ ਮਾਸੂਮ, ਜਾਣੋ ਪੂਰਾ ਮਾਮਲਾ

Friday, Aug 30, 2024 - 03:41 PM (IST)

ਜੈਪੁਰ- ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਇਕ ਅਨੋਖਾ ਨਜ਼ਾਰਾ ਦੇਖਣ ਮਿਲਿਆ। ਇੱਥੇ ਪੁਲਸ ਨੇ ਕਰੀਬ 14 ਮਹੀਨੇ ਪਹਿਲਾਂ ਅਗਵਾ ਕੀਤੇ ਹੋਏ ਬੱਚੇ ਨੂੰ ਬਰਾਮਦ ਕਰ ਲਿਆ। ਮਾਸੂਮ ਕਿਡਨੈਪਰ ਨੂੰ ਜੱਫੀ ਪਾ ਕੇ ਜ਼ੋਰ-ਜ਼ੋਰ ਨਾਲ ਰੌਣ ਲੱਗਾ, ਜਿਸ ਤੋਂ ਬਾਅਦ ਦੋਸ਼ੀ ਦੇ ਵੀ ਅੱਖਾਂ 'ਚੋਂ ਹੰਝੂ ਨਿਕਲ ਆਏ। ਦਰਅਸਲ ਜੈਪੁਰ ਦੇ ਪੁਲਸ ਥਾਣੇ ਤੋਂ ਭਾਵੁਕ ਕਰ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਇਕ ਮਾਸੂਮ ਕਿਡਨੈਪਿੰਗ ਦੇ ਦੋਸ਼ੀ ਨਾਲ ਲਿਪਟ ਕੇ ਜ਼ੋਰ-ਜ਼ੋਰ ਨਾਲ ਰੋ ਰਿਹਾ ਹੈ, ਬੱਚਾ ਉਸ ਨੂੰ ਛੱਡਣ ਲਈ ਤਿਆਰ ਨਹੀਂ ਹੈ। ਬੱਚੇ ਨੂੰ ਰੌਂਦੇ ਦੇਖ ਦੋਸ਼ੀ ਦੀਆਂ ਅੱਖਾਂ 'ਚੋਂ ਵੀ ਹੰਝੂ ਆ ਗਏ। ਇਹ ਦੇਖ ਕੇ ਪੁਲਸ ਦੇ ਜਵਾਨ ਨੇ ਜ਼ਬਰਦਸਤੀ ਦੋਸ਼ੀ ਨਾਲ ਲਿਪਟੇ ਬੱਚੇ ਨੂੰ ਛੁਡਾ ਕੇ ਉਸ ਦੀ ਮਾਂ ਨੂੰ ਸੌਂਪ ਦਿੱਤਾ ਪਰ ਫਿਰ ਵੀ ਬੱਚਾ ਰੌਂਦਾ ਰਿਹਾ। ਦੱਸਣਯੋਗ ਹੈ ਕਿ ਦੋਸ਼ੀ ਨੇ ਇਸ ਬੱਚੇ ਨੂੰ 14 ਮਹੀਨਿਆਂ ਤੱਕ ਆਪਣੀ ਕੈਦ 'ਚ ਰੱਖਿਆ ਸੀ। ਰਿਪੋਰਟ ਅਨੁਸਾਰ ਬੱਚੇ ਨੂੰ ਅਗਵਾ ਕਰਨ ਵਾਲੇ ਦੋਸ਼ੀ ਦਾ ਨਾਂ ਤਨੁਜ ਚਾਹਰ ਹੈ, ਜੋ ਉੱਤਰ ਪ੍ਰਦੇਸ਼ ਪੁਲਸ ਦਾ ਮੁਅੱਤਲ ਹੈੱਡ ਕਾਂਸਟੇਬਲ ਹੈ। ਉਸ ਨੂੰ ਬੀਤੇ ਦਿਨ ਜੈਪੁਰ ਪੁਲਸ ਨੇ ਅਲੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਸੀ। ਜਦੋਂ ਪੁਲਸ ਨੇ ਉਸ ਨੂੰ ਫੜਿਆ ਉਦੋਂ ਉਸ ਨੇ ਦਾੜ੍ਹੀ-ਮੁੱਛ ਵਧਾ ਕੇ ਅਤੇ ਭਗਵਾ ਚੋਲਾ ਪਾ ਕੇ ਸਾਧੂ ਦਾ ਭੇਸ ਬਣਾ ਲਿਆ ਸੀ। 

ਪਿਛਲੇ ਸਾਲ ਅਗਵਾ ਕੀਤਾ ਸੀ ਬੱਚਾ

ਇਸੇ ਮੁਲਜ਼ਮ ਨੇ ਪਿਛਲੇ ਸਾਲ 14 ਜੂਨ ਨੂੰ ਜੈਪੁਰ ਦੇ ਸੰਗਾਨੇਰ ਤੋਂ ਪ੍ਰਿਥਵੀ ਉਰਫ਼ ਕੁੱਕੂ ਨੂੰ ਅਗਵਾ ਕੀਤਾ ਸੀ। ਉਸ ਸਮੇਂ ਉਹ ਸਿਰਫ਼ 11 ਮਹੀਨੇ ਦਾ ਸੀ। ਹੁਣ ਜਦੋਂ ਪੁਲਸ ਨੇ ਅਗਵਾਕਾਰ ਨੂੰ ਗ੍ਰਿਫ਼ਤਾਰ ਕਰ ਕੇ ਬੱਚੇ ਨੂੰ ਉਸ ਦੀ ਹਿਰਾਸਤ 'ਚੋਂ ਸੁਰੱਖਿਅਤ ਬਰਾਮਦ ਕਰ ਲਿਆ ਤਾਂ ਬੱਚਾ ਉਸ ਨੂੰ ਛੱਡਣ ਲਈ ਤਿਆਰ ਨਹੀਂ ਸੀ। ਥਾਣੇ 'ਚ ਅਗਵਾਕਾਰ ਤੋਂ ਵੱਖ ਹੋਣ ਤੋਂ ਬਾਅਦ ਬੱਚਾ ਉੱਚੀ-ਉੱਚੀ ਰੋਣ ਲੱਗਾ ਅਤੇ ਵਾਰ-ਵਾਰ ਦੋਸ਼ੀ ਨੂੰ ਜੱਫੀ ਪਾ ਰਿਹਾ ਸੀ। ਇਹ ਦੇਖ ਕੇ ਅਗਵਾਕਾਰ ਤੋਂ ਇਲਾਵਾ ਪੁਲਸ ਵਾਲਿਆਂ ਦੀਆਂ ਵੀ ਅੱਖਾਂ ਨਮ ਹੋ ਗਈਆਂ। ਪੁਲਸ ਮੁਲਾਜ਼ਮਾਂ ਨੇ ਥਾਣੇ ਦੇ ਬਾਹਰ ਖੜ੍ਹੀ ਮਾਂ ਦੀ ਗੋਦ 'ਚ ਰੋਂਦੇ ਬੱਚੇ ਨੂੰ ਸੌਂਪ ਦਿੱਤਾ ਪਰ ਬੱਚਾ ਅਗਵਾਕਾਰ ਕੋਲ ਜਾਣ ਲਈ ਰੋਂਦਾ ਰਿਹਾ। ਇਸ ਦੌਰਾਨ ਪੁਲਸ ਨੇ ਬੱਚੇ ਦੇ ਮਾਪਿਆਂ ਤੋਂ ਕਈ ਵਾਰ ਪੁੱਛ-ਗਿੱਛ ਕੀਤੀ ਅਤੇ ਫਿਰ ਉਸ ਨੂੰ 14 ਮਹੀਨਿਆਂ ਤੱਕ ਬੰਦੀ ਬਣਾ ਕੇ ਰੱਖਣ ਦੇ ਬਾਵਜੂਦ ਬੱਚੇ ਨੂੰ ਕੋਈ ਸੱਟ ਨਹੀਂ ਪਹੁੰਚਾਈ। ਦਰਅਸਲ ਨਵੇਂ ਕੱਪੜਿਆਂ ਅਤੇ ਖਿਡੌਣਿਆਂ ਤੋਂ ਲੈ ਕੇ ਹਰ ਇੱਛਾ ਪੂਰੀ ਕੀਤੀ। 

ਪੁਲਸ ਨੂੰ ਪ੍ਰੇਮ ਪ੍ਰਸੰਗ ਦਾ ਵੀ ਖ਼ਦਸ਼ਾ

ਇਹੀ ਨਹੀਂ ਪੁਲਸ ਹਿਰਾਸਤ 'ਚ ਦੋਸ਼ੀ 2 ਸਾਲ ਦੇ ਬੱਚੇ ਨੂੰ ਖ਼ੁਦ ਦਾ ਬੱਚਾ ਦੱਸ ਰਿਹਾ ਹੈ। ਉਸ ਦਾ ਦਾਅਵਾ ਹੈ ਕਿ ਇਹ ਬੱਚਾ ਉਸ ਦਾ ਹੈ। ਇਹੀ ਨਹੀਂ ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਤਨੁਜ ਚਾਹਰ ਬੱਚੇ ਦੀ ਮਾਂ ਤੋਂ ਆਪਣੀ ਗੱਲ ਮਨਵਾਉਣ ਲਈ ਵਾਰ-ਵਾਰ ਫੋਨ ਕਰਦਾ ਸੀ ਅਤੇ ਬੱਚੇ ਦੀ ਮਾਂ ਨੂੰ ਵੀ ਉਹ ਆਪਣੇ ਕੋਲ ਰੱਖਣਾ ਚਾਹੁੰਦਾ ਸੀ, ਇਸ ਤੋਂ ਪੁਲਸ ਨੂੰ ਪ੍ਰੇਮ ਪ੍ਰਸੰਗ ਦਾ ਵੀ ਖ਼ਦਸ਼ਾ ਹੈ। ਉੱਥੇ ਹੀ ਇਸ ਮਾਮਲੇ ਬਾਰੇ ਜੈਪੁਰ ਦੱਖਣ ਦੇ ਪੁਲਸ ਕਮਿਸ਼ਨਰ ਦਿਗੰਤ ਆਨੰਦ ਨੇ ਦੱਸਿਆ ਕਿ 14 ਜੂਨ 2023 ਨੂੰ ਸੰਗਾਨੇਰ ਸਦਰ ਇਲਾਕੇ 'ਚ 11 ਮਹੀਨੇ ਦੇ ਬੱਚੇ ਕੁੱਕੂ ਉਰਫ਼ ਪ੍ਰਿਥਵੀ ਨੂੰ ਅਗਵਾ ਕਰਨ ਦੀ ਸੂਚਨਾ ਮਿਲੀ ਸੀ। ਦੋਸ਼ੀ ਤਨੁਜ ਨੇ ਹੀ ਆਪਣੇ ਚਾਰ-ਪੰਜ ਸਾਥੀਆਂ ਨਾਲ ਮਿਲ ਕੇ ਬੱਚੇ ਨੂੰ ਉਸ ਦੇ ਘਰੋਂ ਅਗਵਾ ਕੀਤਾ ਸੀ। ਪੁਲਸ ਨੇ ਅਗਵਾ ਹੋਏ ਬੱਚੇ ਨੂੰ ਬਰਾਮਦ ਕਰਨ ਲਈ ਕਈ ਰਾਜਾਂ 'ਚ ਛਾਪੇਮਾਰੀ ਕੀਤੀ ਸੀ। ਇਸ ਤੋਂ ਬਾਅਦ 27 ਅਗਸਤ ਨੂੰ ਖੇਤਾਂ 'ਚ ਪਿੱਛਾ ਕਰ ਕੇ ਦੋਸ਼ੀ ਤਨੁਜ ਚਾਹਰ ਨੂੰ ਫੜ ਲਿਆ ਅਤੇ ਉਸ ਨੂੰ ਜੈਪੁਰ ਲੈ ਕੇ ਆਈ। ਫਿਲਹਾਲ ਦੋਸ਼ੀ ਪੁਲਸ ਕਸਟਡੀ 'ਚ ਰਿਮਾਂਡ 'ਤੇ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News