ਕਸ਼ਮੀਰ ''ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਫ਼ੌਜ ਨੇ ਤਿੰਨ ਘੁਸਪੈਠੀਆਂ ਨੂੰ ਮਾਰ ਮੁਕਾਇਆ

Friday, Aug 26, 2022 - 10:01 AM (IST)

ਕਸ਼ਮੀਰ ''ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਫ਼ੌਜ ਨੇ ਤਿੰਨ ਘੁਸਪੈਠੀਆਂ ਨੂੰ ਮਾਰ ਮੁਕਾਇਆ

ਸ਼੍ਰੀਨਗਰ (ਵਾਰਤਾ)- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਤਾਇਨਾਤ ਫ਼ੌਜੀ ਜਵਾਨਾਂ ਨੇ ਵੀਰਵਾਰ ਨੂੰ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਤਿੰਨ ਘੁਸਪੈਠੀਆਂ ਨੂੰ ਮਾਰ ਮੁਕਾਇਆ। ਬਾਰਾਮੂਲਾ ਜ਼ਿਲ੍ਹੇ ਵਿਚ ਇਸ ਸਾਲ ਘੁਸਪੈਠ ਦੀ ਇਹ ਪਹਿਲੀ ਕੋਸ਼ਿਸ਼ ਹੈ। ਇਸ ਤੋਂ ਪਹਿਲਾਂ ਉੜੀ ਸੈਕਟਰ ਦੇ ਕਮਾਲਕੋਟ ਇਲਾਕੇ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਸੁਰੱਖਿਆ ਫ਼ੋਰਸਾਂ ਨੇ ਨਾਕਾਮ ਕਰ ਦਿੱਤਾ ਸੀ। ਸ਼੍ਰੀਨਗਰ ਸਥਿਤ ਰੱਖਿਆ ਵਿਭਾਗ ਦੇ ਬੁਲਾਰੇ ਕਰਨਲ ਅਮਰੋਨ ਮੌਸਾਵੀ ਨੇ ਕਿਹਾ ਕਿ ਭਾਰਤੀ ਫ਼ੌਜ ਦੇ ਜਵਾਨਾਂ ਦੇ ਸਫ਼ਲ ਆਪਰੇਸ਼ਨ 'ਚ ਨਾ ਸਿਰਫ਼ ਤਿੰਨ ਪਾਕਿਸਤਾਨੀ ਅੱਤਵਾਦੀ ਮਾਰੇ ਗਏ, ਸਗੋਂ ਇਸ ਨੇ ਪਾਕਿਸਤਾਨ ਦੇ ਖੇਤਰ 'ਚ ਸ਼ਾਂਤੀ, ਖੁਸ਼ਹਾਲੀ ਅਤੇ ਸ਼ਾਂਤੀ ਨੂੰ ਭੰਗ ਕਰਨ ਦੇ ਨਾਪਾਕ ਮਨਸੂਬਿਆਂ ਨੂੰ ਵੀ ਨਾਕਾਮ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਫ਼ੌਜ ਦੀ ਖੁਫੀਆ ਏਜੰਸੀ ਦੁਆਰਾ ਪ੍ਰਦਾਨ ਕੀਤੇ ਗਏ ਖਾਸ ਇਨਪੁਟਸ ਦੇ ਆਧਾਰ 'ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਬੁੱਧਵਾਰ ਨੂੰ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ।

ਉਨ੍ਹਾਂ ਕਿਹਾ,''24 ਅਗਸਤ ਨੂੰ ਘੁਸਪੈਠੀਆਂ ਵਲੋਂ ਭਾਰਤੀ ਸਰਹੱਦ 'ਚ ਦਾਖ਼ਲ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਸੀ। ਅੱਜ ਸਵੇਰੇ 7 ਵਜੇ ਡੂੰਘੀ ਤਕਨੀਕੀ ਨਿਗਰਾਨੀ ਰਾਹੀਂ ਘੁਸਪੈਠ ਦੀ ਕੋਸ਼ਿਸ਼ ਦਾ ਪਤਾ ਲੱਗਾ। ਅੱਤਵਾਦੀਆਂ ਨੂੰ ਉਮੀਦ ਸੀ ਕਿ ਹਨ੍ਹੇਰੇ ਅਤੇ ਲਗਾਤਾਰ ਪੈ ਰਹੇ ਮੀਂਹ ਦਾ ਲਾਭ ਉਠਾ ਕੇ ਭਾਰਤੀ ਸਰਹੱਦ 'ਚ ਦਾਖ਼ਲ ਹੋ ਜਾਣਗੇ।'' ਉਨ੍ਹਾਂ ਦੱਸਿਆ ਕਿ ਸੁਰੱਖਿਆ ਫ਼ੋਰਸਾਂ ਦੇ ਜਵਾਨਾਂ ਦਾ ਘੁਸਪੈਠੀਆਂ ਨਾਲ 8.45 ਵਜੇ ਸਾਹਮਣਾ ਆਇਆ। ਉਨ੍ਹਾਂ ਕਿਹਾ,''ਕੰਟਰੋਲ ਰੇਖਾ 'ਤੇ ਭਾਰਤੀ ਸਰਹੱਦ 'ਚ ਹੋਏ ਮੁਕਾਬਲੇ 'ਚ ਇਹ ਅੱਤਵਾਦੀ ਮਾਰੇ ਗਏ।'' ਉਨ੍ਹਾਂ ਦੱਸਿਆ ਕਿ ਮੁਕਾਬਲਾ ਦੁਪਹਿਰ 2 ਵਜੇ ਖ਼ਤਮ ਹੋ ਗਿਆ। ਉਨ੍ਹਾਂ ਕਿਹਾ,''ਮੁਕਾਬਲੇ ਵਾਲੀ ਜਗ੍ਹਾ ਤੋਂ ਹੁਣ ਤੱਕ ਤਿੰਨ ਅੱਤਵਾਦੀਆਂ ਦੀਆਂ ਲਾਸ਼ਾਂ, 2 ਏ.ਕੇ. ਰਾਈਫਲ, ਇਕ ਚੀਨ ਦੀ ਬਣੀ ਐੱਮ-16 ਰਾਈਫਲ ਹੋਰ ਹਥਿਆਰ ਬਰਾਮਦ ਕੀਤੇ ਗਏ ਹਨ।'' ਉਨ੍ਹਾਂ ਦੱਸਿਆ ਕਿ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਮਾਰੇ ਗਏ ਅੱਤਵਾਦੀ ਕਿਹੜੇ ਸਮੂਹ ਨਾਲ ਸੰਬੰਧਤ ਸਨ।


author

DIsha

Content Editor

Related News