ਚੰਬਾ ਦੇ 5 ਵਿਧਾਨ ਸਭਾ ਖੇਤਰਾਂ ’ਚ ਬਣਨਗੇ ਇਨਡੋਰ ਖੇਡ ਸਟੇਡੀਅਮ: ਅਨੁਰਾਗ

05/14/2022 9:45:55 AM

ਚੰਬਾ (ਕਾਕੂ)– ਚੰਬਾ ਨੂੰ ਹੈਰੀਟੇਜ ਟਾਊਨ ਦੇ ਰੂਪ ’ਚ ਵਿਕਸਿਤ ਕੀਤਾ ਜਾਵੇ। ਇਹ ਗੱਲ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਸ਼ੁੱਕਰਵਾਰ ਨੂੰ ਚੰਬਾ ਦੇ ਇਤਿਹਾਸਕ ਚੌਗਾਨ ’ਚ ‘ਰਾਸ਼ਟਰੀ ਗ੍ਰਾਮੀਣ ਆਜੀਵੀਕਾ ਮਿਸ਼ਨ’ ਅਤੇ ‘ਯੁਵਾ ਪ੍ਰੋਤਸਾਹਨ ਪਰਵ’ ਦੇ ਤਹਿਤ ਆਯੋਜਿਤ ਪ੍ਰੋਗਰਾਮ ਦੌਰਾਨ ਆਖੀ। ਅਨੁਰਾਗ ਠਾਕੁਰ ਨੇ ਡੀ. ਸੀ. ਦੂਨੀ ਚੰਦ ਰਾਣਾ ਨੂੰ ਕਿਹਾ ਕਿ ਚੰਬਾ ਦੇ ਹੈਰੀਟੇਜ ਭਵਨਾਂ ਤੱਕ ਸੈਲਾਨੀਆਂ ਨੂੰ ਪਹੁੰਚਾਉਣ ਲਈ ਹੈਰੀਟੇਜ ਵਾਕ ਸ਼ੁਰੂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ‘ਚਲੋ ਚੰਬਾ ਮੁਹਿੰਮ’ ’ਚ ਬਹੁਤ ਕੁਝ ਕਰਨ ਦੀ ਲੋੜ ਹੈ। ਕਾਰ ਤੇ ਬਾਈਕ ਰੇਸ, ਬੋਟਿੰਗ ਜਾਂ ਪੈਰਾਗਲਈਡਿੰਗ ਲਈ ਇੱਥੇ ਪਹੁੰਚਣ ਵਾਲਿਆਂ ਨੂੰ ਹੈਰੀਟੇਜ ਭਵਨਾਂ ਤੋਂ ਵੀ ਜਾਣੂ ਕਰਵਾਇਆ ਜਾਵੇ। ਇਸ ਦੇ ਨਾਲ ਹੀ ਇਨ੍ਹਾਂ ਭਵਨਾਂ ਕੋਲ ਸਵੈ-ਸਹਾਇਤਾ ਸਮੂਹਾਂ ਦੇ ਸਟਾਲ ਸਥਾਪਿਤ ਕੀਤੇ ਜਾਣ। ਉਨ੍ਹਾਂ ਨੇ 500 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਾਣ ਅਧੀਨ ਮੈਡੀਕਲ ਕਾਲਜ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ, ਸੜਕ ਸੰਪਰਕ ਆਦਿ ਸਮੇਤ ਕਈ ਵਿਕਾਸ ਪ੍ਰਾਜੈਕਟਾਂ ਨੂੰ ਸੂਚੀਬੱਧ ਕੀਤਾ। 

ਉਨ੍ਹਾਂ ਨੇ ਚੰਬਾ ਦੇ ਸਾਰੇ 5 ਵਿਧਾਨ ਸਭਾ ਖੇਤਰਾਂ ’ਚ 5 ਇਨਡੋਰ ਸਟੇਡੀਅਮਾਂ ਤੋਂ ਇਲਾਵਾ ਹਰੇਕ ਚੋਣ ਖੇਤਰ ’ਚ 10 ਮਲਟੀ-ਜਿਮ ਦੇ ਨਿਰਮਾਣ ਦਾ ਵੀ ਐਲਾਨ ਕੀਤਾ। ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ’ਚ ਇਸਤੇਮਾਲ ਦੇ ਆਧਾਰ ’ਤੇ ਵਿਧਾਨ ਸਭਾ ਖੇਤਰ ਵਾਰ ਇਨ੍ਹਾਂ ਦੀ ਗਿਣਤੀ ਨੂੰ 100 ਤੱਕ ਵਧਾਇਆ ਜਾਵੇਗਾ। ਇਸ ਮੌਕੇ ਲੋਕ ਸਭਾ ਦੇ ਸੰਸਦ ਮੈਂਬਰ ਕਿਸ਼ਨ ਕਪੂਰ, ਜੰਗਲਾਤ, ਯੁਵਾ ਸੇਵਾਵਾਂ ਅਤੇ ਖੇਡ ਮੰਤਰੀ ਰਾਕੇਸ਼ ਪਠਾਨੀਆ, ਵਿਧਾਨ ਸਭਾ ਡਿਪਟੀ ਸਪੀਕਰ ਡਾ. ਹੰਸਰਾਜ ਅਤੇ ਸਥਾਨਕ ਵਿਧਾਇਕ ਪਵਨ ਨਈਅਰ ਆਦਿ ਮੌਜੂਦ ਰਹੇ।

ਤੁਸੀਂ ਸੱਦੋ ਜਾਂ ਨਾ ਸੱਦੋ, ਮਿੰਜਰ ਮੇਲੇ ’ਚ ਆਵਾਂਗਾ
ਅਨੁਰਾਗ ਠਾਕੁਰ ਨੇ ਕਿਹਾ ਕਿ ਚੰਬਾ ’ਚ ਕੌਮਾਂਤਰੀ ਮਿੰਜਰ ਮੇਲਾ ਹੁੰਦਾ ਹੈ ਪਰ ਅੱਜ ਤੱਕ ਉਨ੍ਹਾਂ ਨੂੰ ਮਿੰਜਰ ਮੇਲੇ ’ਚ ਆਉਣ ਦਾ ਮੌਕਾ ਨਹੀਂ ਮਿਲ ਸਕਿਆ ਹੈ। ਸਾਲ 2000 ’ਚ ਹਮੀਰਪੁਰ ਕ੍ਰਿਕਟ ਟੀਮ ਨਾਲ ਚੰਬਾ ’ਚ ਖੇਡਣ ਆਇਆ ਸੀ ਪਰ ਇਸ ਵਾਰ ਮੇਲਾ ਦੇਖਣਾ ਹੈ। ਤੁਸੀਂ ਸੱਦੋ ਜਾਂ ਨਾ ਸੱਦੋ ਪਰ ਇਸ ਵਾਰ ਪੱਕਾ ਕਰ ਰਿਹਾ ਹਾਂ ਕਿ ਮਿੰਜਰ ਮੇਲੇ ’ਚ ਆਵਾਂਗਾ। ਇੰਨਾ ਹੀ ਨਹੀਂ 2 ਰਾਤਾਂ ਇੱਥੇ ਰਹਿਣ ਵਾਲਾ ਹਾਂ।


Tanu

Content Editor

Related News