ਗੁਜਰਾਤ ਦੇ ਹਜ਼ੀਰਾ ਪੋਰਟ ''ਤੇ ਨਹੀਂ ਹੋਇਆ ਕੋਈ ਹਮਲਾ, ਫਰਜ਼ੀ ਹੈ ਵਾਇਰਲ ਹੋ ਰਹੀ ਵੀਡੀਓ

Friday, May 09, 2025 - 05:20 PM (IST)

ਗੁਜਰਾਤ ਦੇ ਹਜ਼ੀਰਾ ਪੋਰਟ ''ਤੇ ਨਹੀਂ ਹੋਇਆ ਕੋਈ ਹਮਲਾ, ਫਰਜ਼ੀ ਹੈ ਵਾਇਰਲ ਹੋ ਰਹੀ ਵੀਡੀਓ

ਨੈਸ਼ਨਲ ਡੈਸਕ- ਭਾਰਤ ਅਤੇ ਪਾਕਿਸਤਾਨ ਵਿਚਾਲੇ ਮੌਜੂਦਾ ਤਣਾਪੂਰਨ ਮਾਹੌਲ ਵਿਚਕਾਰ ਅਫਵਾਹਾਂ ਅਤੇ ਗਲਤ ਜਾਣਕਾਰੀਆਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਰਹੀਆਂ ਹਨ। ਹਾਲ ਹੀ 'ਚ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਜਰਾਤ ਦੇ ਹਜ਼ੀਰਾ ਪੋਰਟ 'ਤੇ ਹਮਲਾ ਹੋਇਆ ਹੈ। ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਨਾਲ ਆਮ ਲੋਕਾਂ 'ਚ ਚਿੰਤਾ ਦਾ ਮਾਹੌਲ ਬਣ ਗਿਆ ਹੈ ਪਰ ਸਰਕਾਰ ਨੇ ਇਸ 'ਤੇ ਸਪਸ਼ਟੀਕਰਨ ਜਾਰੀ ਕੀਤਾ ਹੈ। 

PIB ਫੈਕਟ ਚੈੱਕ ਨੇ ਕੀਤਾ ਖੁਲਾਸਾ

ਸਰਕਾਰੀ ਫੈਕਟ ਚੈੱਕ ਏਜੰਸੀ ਨੇ ਇਸ ਵੀਡੀਓ ਦੀ ਸੱਚਾਈ ਸਾਹਮਣੇ ਲਿਆਂਦੇ ਹੋਏ ਦੱਸਿਆ ਹੈ ਕਿ ਇਹ ਵੀਡੀਓ ਮੌਜੂਦਾ ਘਟਨਾਕ੍ਰਮ ਨਾਲ ਜੁੜੀ ਨਹੀਂ ਹੈ। ਇਹ ਅਸਲ 'ਚ ਇਕ ਪੁਰਾਣੀ ਵੀਡੀਓ ਹੈ, ਜੋ 7 ਜੁਲਾਈ 2021 ਦੀ ਹੈ ਅਤੇ ਇਸ ਵਿਚ ਇਕ ਤੇਲ ਟੈਂਕਰ 'ਚ ਹੋਏ ਧਮਾਕੇ ਨੂੰ ਦਿਖਾਇਆ ਗਿਆ ਹੈ। ਦੁਬਈ ਦੇ ਜੇਬੇਲ ਅਲੀ ਬੰਦਰਗਾਹ 'ਤੇ ਤੇਲ ਟੈਂਕਰ 'ਚ ਧਮਾਕਾ ਹੋਇਆ ਸੀ ਜਿਸਦੀ ਆਵਾਜ਼ ਕਈ ਮੀਲ ਦੂਰ ਤਕ ਸੁਣੀ ਗਈ ਸੀ। ਉਸ ਸਮੇਂ ਆਲੇ-ਦੁਆਲੇ ਦੀਆਂ ਕਈ ਇਮਾਰਤਾਂ ਦੇ ਸ਼ੀਸ਼ੇ ਵੀ ਟੁੱਟ ਗਏ ਸਨ। ਇਸ ਵੀਡੀਓ ਦਾ ਗੁਜਰਾਤ ਦੇ ਹਜ਼ੀਰਾ ਪੋਰਟ ਜਾਂ ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਕਿਸੇ ਵੀ ਹਾਲੀਆ ਵਿਵਾਦ ਨਾਲ ਕੋਈ ਸੰਬੰਧ ਨਹੀਂ ਹੈ। 

ਗਲਤ ਜਾਣਕਾਰੀ ਫੈਲਣ ਤੋਂ ਰੋਕੋ

ਸਰਕਾਰ ਵੱਲੋਂ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦੀਆਂ ਗੁੰਮਰਾਹਕੁੰਨ ਵੀਡੀਓ, ਫੋਟੋ ਜਾਂ ਕੰਟੈਂਟ ਨੂੰ ਸ਼ੇਅਰ ਨਾ ਕਰੋ। ਇਸ ਨਾਲ ਮਾਹੌਲ ਹੋਰ ਖਰਾਬ ਹੋ ਸਕਦਾ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਹਾਲਾਤ ਦੇ ਵਿਚਕਾਰ ਅਫਵਾਹਾਂ ਫੈਲਾਉਣ ਵਾਲੇ ਸਰਗਰਮ ਹੋ ਜਾਂਦੇ ਹਨ, ਜੋ ਜਾਣਬੁੱਝ ਕੇ ਗਲਤ ਸੂਚਨਾਵਾਂ ਫੈਲਾਉਂਦੇ ਹ ਨ। ਅਜਿਹੇ ਸਮੇਂ 'ਚ ਆਮ ਨਾਗਰਿਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜ਼ਿੰਮੇਵਾਰੀ ਨਾਲ ਵਿਵਹਾਰ ਕਰਨ ਅਤੇ ਸੋਸ਼ਲ ਮੀਡੀਆ 'ਤੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਸਰਕਾਰੀ ਜਾਂ ਪ੍ਰਮਾਣਿਤ ਸ੍ਰੋਤਾਂ ਤੋਂ ਪੁਸ਼ਟੀ ਕਰੋ। 


author

Rakesh

Content Editor

Related News