ਭਾਰਤ-ਬੰਗਲਾਦੇਸ਼ ਵਿਚਾਲੇ ਵਪਾਰ ਮੁੜ ਸ਼ੁਰੂ, ਹਿੰਸਾ ਦੇ ਚਲਦੇ ਦੋ ਦਿਨਾਂ ਲਈ ਕੀਤਾ ਗਿਆ ਸੀ ਬੰਦ
Thursday, Jul 25, 2024 - 12:47 AM (IST)
ਨਵੀਂ ਦਿੱਲੀ- ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਵਪਾਰ ਬੁੱਧਵਾਰ ਤੋਂ ਮੁੜ ਸ਼ੁਰੂ ਹੋ ਗਿਆ ਹੈ। ਗੁਆਂਢੀ ਦੇਸ਼ ਬੰਗਲਾਦੇਸ਼ 'ਚ ਸਰਕਾਰੀ ਨੌਕਰੀਆਂ 'ਚ ਰਾਖਵੇਂਕਰਨ ਨੂੰ ਲੈ ਕੇ ਹੋਈ ਹਿੰਸਾ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਦੋ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬੰਗਲਾਦੇਸ਼ ਕਸਟਮ ਡਿਊਟੀ ਵਿਭਾਗ ਨੇ ਕੰਮ ਮੁੜ ਸ਼ੁਰੂ ਕਰ ਦਿੱਤਾ ਹੈ। ਉਥੇ ਇੰਟਰਨੈੱਟ ਦੀ ਬਹਾਲੀ ਤੋਂ ਬਾਅਦ ਪੈਟਰਾਪੋਲ, ਗੋਜਾਦੰਗਾ, ਫੁਲਬਾੜੀ ਅਤੇ ਮਹਾਦੀਪੁਰ ਸਮੇਤ ਸਾਰੀਆਂ ਬੰਦਰਗਾਹਾਂ ਤੋਂ ਵਪਾਰ ਸ਼ੁਰੂ ਕਰ ਦਿੱਤਾ ਗਿਆ ਹੈ।
ਹਾਲ ਹੀ ਵਿਚ ਬੰਗਲਾਦੇਸ਼ ਵਿਚ ਪੁਲਸ ਅਤੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਦਰਮਿਆਨ ਹਿੰਸਕ ਝੜਪਾਂ ਹੋਈਆਂ ਸਨ। ਜੋ 1971 ਵਿਚ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਲੜਨ ਵਾਲੇ ਸੈਨਿਕਾਂ ਦੇ ਰਿਸ਼ਤੇਦਾਰਾਂ ਲਈ ਸਰਕਾਰੀ ਨੌਕਰੀਆਂ ਵਿਚ 30 ਫੀਸਦੀ ਰਾਖਵਾਂਕਰਨ ਪ੍ਰਦਾਨ ਕਰਨ ਵਾਲੀ ਵਿਵਾਦਤ ਕੋਟਾ ਪ੍ਰਣਾਲੀ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਸਨ। ਇਸ ਕਾਰਨ ਬੰਗਲਾਦੇਸ਼ ਦੇ ਕਸਟਮ ਡਿਊਟੀ ਵਿਭਾਗ ਦੇ ਅਧਿਕਾਰੀ ਛੁੱਟੀ 'ਤੇ ਚਲੇ ਗਏ ਸਨ। ਇਸ ਤੋਂ ਬਾਅਦ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਵਪਾਰ ਠੱਪ ਹੋ ਗਿਆ।
ਲੈਂਡ ਪੋਰਟ ਅਥਾਰਟੀ ਆਫ ਇੰਡੀਆ (ਪੈਟਰਾਪੋਲ) ਦੇ ਮੈਨੇਜਰ ਕਮਲੇਸ਼ ਸੈਣੀ ਨੇ ਦੱਸਿਆ ਕਿ ਬੁੱਧਵਾਰ ਤੋਂ ਪੈਟਰਾਪੋਲ ਸਰਹੱਦ ਤੋਂ ਵਪਾਰ ਸ਼ੁਰੂ ਕੀਤਾ ਗਿਆ। ਕਾਰਗੋ ਦੀ ਆਵਾਜਾਈ ਬੇਨਾਪੋਲ ਤੋਂ ਸ਼ੁਰੂ ਹੋਈ। ਨਾਸ਼ਵਾਨ ਮਾਲ ਨਾਲ ਲੱਦੇ ਟਰੱਕਾਂ ਨੂੰ ਪਹਿਲ ਦਿੱਤੀ ਗਈ। ਬੇਨਾਪੋਲ ਸਟਾਫ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਜੇਦੂਰ ਰਹਿਮਾਨ ਨੇ ਦੱਸਿਆ ਕਿ ਪੈਟਰਾਪੋਲ ਤੋਂ 220 ਟਰੱਕ ਬੰਗਲਾਦੇਸ਼ ਵਿਚ ਦਾਖਲ ਹੋਏ। ਇਨ੍ਹਾਂ ਵਿੱਚੋਂ 27 ਟਰੱਕ ਬੰਗਲਾਦੇਸ਼ ਪਹੁੰਚ ਗਏ।