ਤੀਜੇ ਦਿਨ ਵੀ ਜਾਰੀ ਰਹੀਆਂ Indigo ਦੀਆਂ ਮੁਸ਼ਕਲਾਂ ! ਧੜਾਧੜ ਫਲਾਈਟਾਂ ਹੋ ਰਹੀਆਂ ਰੱਦ
Thursday, Dec 04, 2025 - 04:11 PM (IST)
ਨੈਸ਼ਨਲ ਡੈਸਕ- ਵੀਰਵਾਰ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੰਡੀਗੋ ਏਅਰਲਾਈਨਜ਼ ਦੀਆਂ 74 ਉਡਾਣਾਂ ਰੱਦ ਹੋਣ ਕਾਰਨ ਹਫੜਾ-ਦਫੜੀ ਜਾਰੀ ਰਹੀ। ਇਹ ਲਗਾਤਾਰ ਤੀਜਾ ਦਿਨ ਸੀ ਜਦੋਂ ਏਅਰਲਾਈਨ ਨੇ ਵੱਡੀ ਗਿਣਤੀ ਵਿੱਚ ਉਡਾਣਾਂ ਰੱਦ ਕੀਤੀਆਂ, ਜਿਸ ਨਾਲ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਕਈ ਘੰਟਿਆਂ ਤੱਕ ਏਅਰਪੋਰਟ 'ਤੇ ਫਸੇ ਰਹੇ। ਰੱਦ ਕੀਤੀਆਂ ਗਈਆਂ ਉਡਾਣਾਂ ਵਿੱਚ 37 ਅਰਾਈਵਲ ਅਤੇ 37 ਰਵਾਨਗੀ ਫਲਾਈਟਾਂ ਸਨ।
ਇਸ ਗੜਬੜੀ ਕਾਰਨ ਟਰਮੀਨਲ ਦੇ ਅੰਦਰ ਅਤੇ ਬਾਹਰ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ ਅਤੇ ਗੁੱਸੇ ਵਿੱਚ ਆਏ ਯਾਤਰੀਆਂ ਦੀ ਨਾਅਰੇਬਾਜ਼ੀ ਮਗਰੋਂ ਏਅਰਲਾਈਨ ਸਟਾਫ ਨਾਲ ਬਹਿਸਬਾਜ਼ੀ ਹੋ ਗਈ। ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਏਅਰਲਾਈਨ ਦੇ ਅਧਿਕਾਰੀ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਉਪਲਬਧ ਨਹੀਂ ਸਨ ਅਤੇ ਏਅਰਲਾਈਨ ਦੀਆਂ ਸਾਰੀਆਂ ਹੈਲਪਲਾਈਨਾਂ ਵੀ ਕੰਮ ਨਹੀਂ ਕਰ ਰਹੀਆਂ ਸਨ।
ਇੰਡੀਗੋ ਨੇ ਇਸ ਗੜਬੜੀ ਦਾ ਕਾਰਨ 'ਅਣਕਿਆਸੀ ਕਾਰਜਸ਼ੀਲ ਚੁਣੌਤੀਆਂ' ਨੂੰ ਦੱਸਿਆ, ਜਿਸ ਵਿੱਚ ਛੋਟੀਆਂ ਤਕਨੀਕੀ ਖਰਾਬੀਆਂ, ਸਰਦੀਆਂ ਦੇ ਮੌਸਮ ਕਾਰਨ ਸ਼ੈਡਿਊਲ ਵਿੱਚ ਬਦਲਾਅ, ਖਰਾਬ ਮੌਸਮ ਅਤੇ ਚਾਲਕ ਦਲ ਲਈ ਅਪਡੇਟ ਕੀਤੇ ਫਲਾਈਟ ਡਿਊਟੀ ਟਾਈਮ ਲਿਮਟੇਸ਼ਨ ਨੂੰ ਲਾਗੂ ਕਰਨਾ ਸ਼ਾਮਲ ਹੈ।
ਏਅਰਪੋਰਟ ਅਧਿਕਾਰੀਆਂ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਹਵਾਈ ਅੱਡੇ 'ਤੇ ਆਉਣ ਤੋਂ ਪਹਿਲਾਂ ਆਪਣੀ ਏਅਰਲਾਈਨ ਨਾਲ ਉਡਾਣਾਂ ਦੀ ਅਪਡੇਟ ਜ਼ਰੂਰ ਜਾਂਚ ਲੈਣ। ਇਸ ਤੋਂ ਪਹਿਲਾਂ 2 ਦਸੰਬਰ ਨੂੰ ਵੀ ਹੈਦਰਾਬਾਦ ਵਿੱਚ 40 ਉਡਾਣਾਂ ਰੱਦ ਕੀਤੀਆਂ ਗਈਆਂ ਸਨ।
