ਹਵਾਈ ਮੁਸਾਫਰਾਂ ਨੂੰ ਰੁਲਾਉਣ ਵਾਲੀ ਇੰਡੀਗੋ ਨੂੰ ਲੱਗਾ ਵੱਡਾ ਝਟਕਾ

Thursday, Jan 22, 2026 - 07:18 PM (IST)

ਹਵਾਈ ਮੁਸਾਫਰਾਂ ਨੂੰ ਰੁਲਾਉਣ ਵਾਲੀ ਇੰਡੀਗੋ ਨੂੰ ਲੱਗਾ ਵੱਡਾ ਝਟਕਾ

ਨੈਸ਼ਨਲ ਡੈਸਕ- ਹਵਾਈ ਯਾਤਰੀਆਂ ਨੂੰ ਘੰਟਿਆਂਬੱਧੀ ਲਾਈਨਾਂ ਵਿੱਚ ਖੜ੍ਹਾ ਕਰਨ ਅਤੇ ਫਲਾਈਟਾਂ ਰੱਦ ਕਰਕੇ ਪਰੇਸ਼ਾਨ ਕਰਨ ਵਾਲੀ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ ਨੂੰ ਹੁਣ ਖੁਦ ਵੱਡਾ ਵਿੱਤੀ ਝਟਕਾ ਲੱਗਾ ਹੈ। ਕੰਪਨੀ ਵੱਲੋਂ ਜਾਰੀ ਦਸੰਬਰ ਦੀ ਤਿਮਾਹੀ (Q3) ਦੇ ਨਤੀਜਿਆਂ ਅਨੁਸਾਰ, ਇਸ ਦਾ ਸ਼ੁੱਧ ਮੁਨਾਫ਼ਾ ਪਿਛਲੇ ਸਾਲ ਦੇ ਮੁਕਾਬਲੇ 78 ਫੀਸਦੀ ਡਿੱਗ ਕੇ ਮਹਿਜ਼ 550 ਕਰੋੜ ਰੁਪਏ ਰਹਿ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਕੰਪਨੀ ਨੇ 2,449 ਕਰੋੜ ਰੁਪਏ ਦਾ ਮੋਟਾ ਮੁਨਾਫ਼ਾ ਕਮਾਇਆ ਸੀ।

ਮੁਨਾਫ਼ਾ ਘਟਣ ਦੇ 3 ਵੱਡੇ ਕਾਰਨ

ਕੰਪਨੀ ਅਨੁਸਾਰ ਇਸ ਭਾਰੀ ਗਿਰਾਵਟ ਦੇ ਪਿੱਛੇ ਤਿੰਨ ਮੁੱਖ ਕਾਰਨ ਰਹੇ ਹਨ:

1. ਨਵੇਂ ਲੇਬਰ ਲਾਅ : ਨਵੇਂ ਕਾਨੂੰਨ ਲਾਗੂ ਹੋਣ ਕਾਰਨ ਕੰਪਨੀ 'ਤੇ ਲਗਭਗ 969 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਪਿਆ।
2. ਆਪਰੇਸ਼ਨਲ ਸੰਕਟ : ਦਸੰਬਰ ਦੀ ਸ਼ੁਰੂਆਤ ਵਿੱਚ ਫਲਾਈਟਾਂ ਦੇ ਵੱਡੀ ਪੱਧਰ 'ਤੇ ਰੱਦ ਹੋਣ ਕਾਰਨ ਕੰਪਨੀ ਨੂੰ 577 ਕਰੋੜ ਰੁਪਏ ਦਾ ਸਿੱਧਾ ਨੁਕਸਾਨ ਹੋਇਆ।
3. ਕਰੰਸੀ ਦਾ ਉਤਾਰ-ਚੜ੍ਹਾਅ : ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵਿੱਚ ਆਈ ਗਿਰਾਵਟ ਨੇ ਵੀ ਕੰਪਨੀ ਦੀ ਜੇਬ 'ਤੇ ਮਾੜਾ ਅਸਰ ਪਾਇਆ ਹੈ।

ਕਮਾਈ 'ਚ ਵਾਧਾ, ਪਰ ਮੁਨਾਫਾ ਘਟਿਆ : ਹਾਲਾਂਕਿ ਮੁਨਾਫ਼ੇ ਵਿੱਚ ਸੈਂਧ ਲੱਗੀ ਹੈ ਪਰ ਇੰਡੀਗੋ ਦੀ ਕੁੱਲ ਕਮਾਈ (ਰੈਵੇਨਿਊ) ਪਿਛਲੇ ਸਾਲ ਦੇ ਮੁਕਾਬਲੇ 6 ਫੀਸਦੀ ਵਧ ਕੇ 245 ਬਿਲੀਅਨ ਰੁਪਏ ਤੱਕ ਪਹੁੰਚ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਫਲਾਈਟਾਂ ਰੱਦ ਹੋਣ ਦੀਆਂ ਸ਼ਿਕਾਇਤਾਂ ਦੇ ਬਾਵਜੂਦ ਯਾਤਰੀਆਂ ਦੀ ਗਿਣਤੀ ਵਿੱਚ 2.8 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਕੁੱਲ 3.19 ਕਰੋੜ ਲੋਕਾਂ ਨੇ ਇੰਡੀਗੋ ਰਾਹੀਂ ਸਫ਼ਰ ਕੀਤਾ। ਪਰ ਹਰ ਸੀਟ ਤੋਂ ਹੋਣ ਵਾਲੀ ਔਸਤ ਕਮਾਈ (Yield) ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ।

ਇੰਡੀਗੋ ਦੇ ਸੀਈਓ ਪੀਟਰ ਐਲਬਰਸ ਨੇ ਸਵੀਕਾਰ ਕੀਤਾ ਕਿ ਦਸੰਬਰ ਵਿੱਚ ਆਈਆਂ ਆਪਰੇਸ਼ਨਲ ਦਿੱਕਤਾਂ ਕਾਰਨ ਕੰਪਨੀ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਕੰਪਨੀ ਦੀ ਬਾਜ਼ਾਰ ਵਿੱਚ ਪਕੜ ਮਜ਼ਬੂਤ ਹੈ ਅਤੇ ਉਹ ਭਵਿੱਖ ਵਿੱਚ ਯਾਤਰੀਆਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਵਚਨਬੱਧ ਹਨ। ਖੇਤਰ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਲੇਬਰ ਲਾਅ ਅਤੇ ਆਪਰੇਸ਼ਨਲ ਦਿੱਕਤਾਂ ਦਾ ਬੋਝ ਨਾ ਹੁੰਦਾ, ਤਾਂ ਕੰਪਨੀ ਦਾ ਮੁਨਾਫ਼ਾ 3,000 ਕਰੋੜ ਰੁਪਏ ਦੇ ਪਾਰ ਹੋ ਸਕਦਾ ਸੀ।


author

Rakesh

Content Editor

Related News