ਮੱਛਰ ਦਾ ‘ਮਹਿੰਗਾ ਡੰਗ’, ਬਚਾਅ ਲਈ ਹਰ ਸਾਲ 3,350 ਕਰੋੜ ਰੁਪਏ ਖਰਚ ਕਰ ਰਹੇ ਭਾਰਤੀ
Saturday, Apr 25, 2026 - 04:53 AM (IST)
ਨਵੀਂ ਦਿੱਲੀ - ਮੱਛਰਾਂ ਦੀ ਦਹਿਸ਼ਤ ਇਸ ਮੌਸਮ ’ਚ ਕਾਫ਼ੀ ਦੇਖਣ ਨੂੰ ਮਿਲਦੀ ਹੈ। ਸ਼ਾਮ ਦੇ ਸਮੇਂ ਬਾਹਰ ਨਿਕਲਦਿਆਂ ਹੀ ਮੱਛਰਾਂ ਦੇ ਕੱਟਣ ਨਾਲ ਹਰ ਕੋਈ ਪ੍ਰੇਸ਼ਾਨ ਹੋ ਜਾਂਦਾ ਹੈ। ਅਜਿਹੇ ’ਚ ਲੋਕ ਬਾਜ਼ਾਰਾਂ ’ਚ ਮੱਛਰਾਂ ਤੋਂ ਬਚਾਅ ਦੇ ਉਪਾਅ ਲੱਭਦੇ ਰਹਿੰਦੇ ਹਨ।
ਦਰਅਸਲ, ਹਾਲ ਹੀ ’ਚ ਆਈ ਗ੍ਰੈਂਡ ਵਿਊ ਰਿਸਰਚ ਐਂਡ ਹੌਰੀਜ਼ਨ ਡਾਟਾ ਬੁੱਕ ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਲੋਕ ਮੱਛਰਾਂ ਨੂੰ ਭਜਾਉਣ ਵਾਲੇ ਉਤਪਾਦ ਖਰੀਦਣ ’ਚ ਕਰੋੜਾਂ ਰੁਪਏ ਖਰਚ ਕਰ ਰਹੇ ਹਨ। ਸਾਲ 2026 ਦੀ ਇਸ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਭਾਰਤ ’ਚ ਮੱਛਰਾਂ ਨੂੰ ਭਜਾਉਣ ਵਾਲੇ ਉਤਪਾਦਾਂ ਦਾ ਬਾਜ਼ਾਰ ਸਾਲ 2025 ’ਚ ਲੱਗਭਗ 402.3 ਮਿਲੀਅਨ ਡਾਲਰ ਭਾਵ ਭਾਰਤੀ ਕਰੰਸੀ ਦੇ ਹਿਸਾਬ ਨਾਲ ਲੱਗਭਗ 3,350 ਕਰੋੜ ਰੁਪਏ ਸੀ। ਇਹ ਵਾਕਈ ’ਚ ਹੈਰਾਨ ਕਰਨ ਵਾਲੇ ਅੰਕੜੇ ਹਨ।
2033 ਤੱਕ ਵਧ ਸਕਦਾ ਹੈ ਅੰਕੜਾ
ਇਸੇ ਰਿਪੋਰਟ ’ਚ ਆਉਣ ਵਾਲੇ ਸਮੇਂ ਨੂੰ ਲੈ ਕੇ ਵੀ ਅੰਦਾਜ਼ੇ ਲਾਏ ਗਏ ਹਨ। ਰਿਪੋਰਟ ’ਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਸਾਲ 2033 ਤੱਕ ਇਹ ਅੰਕੜਾ 6,300 ਕਰੋੜ ਰੁਪਏ (755 ਮਿਲੀਅਨ ਡਾਲਰ) ਤੱਕ ਪਹੁੰਚ ਸਕਦਾ ਹੈ। ਸਾਲ 2026 ਤੋਂ 2033 ਤੱਕ ਇਸ ਦੇ ਬਾਜ਼ਾਰ ’ਚ ਲੱਗਭਗ 8 ਫੀਸਦੀ ਤੱਕ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇਹ ਕਰੋੜਾਂ ਰੁਪਏ ਭਾਰਤੀ ਸਿੱਧੇ ਆਪਣੇ ਅਤੇ ਪਰਿਵਾਰ ਦੀ ਸੁਰੱਖਿਆ ਲਈ ਖਰਚ ਕਰ ਰਹੇ ਹਨ।
ਮੱਛਰਾਂ ਦੇ ਕੱਟਣ ਨਾਲ ਹੁੰਦੀਆਂ ਹਨ ਕਈ ਬੀਮਾਰੀਆਂ
ਦੱਸ ਦੇਈਏ ਕਿ ਮੱਛਰਾਂ ਦੇ ਕੱਟਣ ਨਾਲ ਡੇਂਗੂ, ਮਲੇਰੀਆ, ਜ਼ਿਕਾ ਵਾਇਰਸ, ਚਿਕਨਗੁਨੀਆ ਅਤੇ ਜਾਪਾਨੀ ਐਨਸੇਫਲਾਈਟਿਸ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ, ਜਿਨ੍ਹਾਂ ਤੋਂ ਬਚਾਅ ਲਈ ਹੀ ਲੋਕ ਇਨ੍ਹਾਂ ਰਿਪੈਲੈਂਟਸ ਪ੍ਰੋਡਕਟਸ ਨੂੰ ਖਰੀਦਦੇ ਹਨ। ਇਸ ਤੋਂ ਇਲਾਵਾ ਲੋਕ ਇਸ ਤੋਂ ਬਚਾਅ ਲਈ ਮੱਛਰਦਾਨੀ ਦੀ ਵੀ ਵਰਤੋਂ ਕਰਦੇ ਹਨ।
