ਭਾਰਤੀ ਰੇਲਵੇ ਨੇ ਹਾਸਲ ਕੀਤੀ ਵੱਡੀ ਉਪਲੱਬਧੀ
Saturday, Jan 11, 2025 - 12:11 PM (IST)

ਨਵੀਂ ਦਿੱਲੀ- ਭਾਰਤੀ ਰੇਲਵੇ ਨੇ ਇਕ ਹੋਰ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਐਲਾਨ ਕੀਤਾ ਕਿ ਭਾਰਤੀ ਰੇਲਵੇ ਵਲੋਂ ਵਿਕਸਿਤ ਕੀਤਾ ਗਿਆ ਹਾਈਡ੍ਰੋਜਨ-ਸੰਚਾਲਿਤ ਰੇਲ ਇੰਜਣ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਵਿਚ ਸਿਰਫ਼ ਚਾਰ ਦੇਸ਼ ਹੀ ਅਜਿਹੇ ਟਰੇਨ ਇੰਜਣ ਬਣਦੇ ਹਨ, ਜੋ ਕਿ 500 ਤੋਂ 600 ਹਾਰਸਪਾਵਰ ਵਾਲੇ ਇੰਜਣ ਦਾ ਪ੍ਰੋਡਕਸ਼ਨ ਕਰਦੇ ਹਨ, ਜਦਕਿ ਭਾਰੀ ਰੇਲਵੇ ਵਲੋਂ ਦੇਸੀ ਤਕਨੀਕ ਦਾ ਇਸਤੇਮਾਲ ਕਰ ਕੇ ਬਣਾਏ ਗਏ ਇੰਜਣ ਦੀ ਸਮਰੱਥਾ 1200 ਹਾਰਸਪਾਵਰ ਹੈ, ਜੋ ਇਸ ਸ਼੍ਰੇਣੀ ਵਿਚ ਹੁਣ ਤੱਕ ਦਾ ਸਭ ਤੋਂ ਵੱਧ ਹੈ।
ਰੇਲ ਮੰਤਰੀ ਨੇ ਕਿਹਾ ਕਿ ਭਾਰਤ ਦੀ ਆਪਣੀ ਤਕਨੀਕੀ ਉਪਲੱਬਧੀਆਂ ਕਾਫੀ ਜ਼ਿਆਦਾ ਹਨ। ਜਦੋਂ ਦੇਸ਼ ਇੰਨੇ ਵੱਡੇ ਪੈਮਾਨੇ 'ਤੇ ਹਾਈਡਰੋਜਨ ਨਾਲ ਚੱਲਣ ਵਾਲੀ ਟਰੇਨ ਇੰਜਣ ਬਣਾ ਸਕਿਆ। ਇਸ ਇੰਜਣ ਦਾ ਨਿਰਮਾਣ ਕੰਮ ਪੂਰਾ ਹੋ ਚੁੱਕਾ ਹੈ। ਉਨ੍ਹਾਂ ਨੇ ਇਸ ਉਪਲੱਬਧੀ ਨੂੰ ਭਾਰਤ ਦੇ ਤਕਨੀਕੀ ਆਤਮਨਿਰਭਰਤਾ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਦੱਸਿਆ ਹੈ।
ਰੇਲ ਮੰਤਰੀ ਨੇ ਕਿਹਾ ਕਿ ਇਹ ਹਾਈਡਰੋਜਨ ਟਰੇਨ ਇੰਜਣ ਵਾਤਾਵਰਣ ਦੀ ਸੁਰੱਖਿਆ ਲਈ ਵੀ ਵਰਦਾਨ ਸਾਬਤ ਹੋਵੇਗਾ। ਹਾਈਡਰੋਜਨ ਫਿਊਲ ਦੇ ਇਸਤੇਮਾਲ ਨਾਲ ਇਹ ਟਰੇਨ ਜ਼ੀਰੋ ਕਾਰਬਨ ਉਤਸਰਜਨ ਕਰੇਗੀ। ਹਰਿਆਣਾ ਦੇ ਜੀਂਦ-ਸੋਨੀਪਤ ਮਾਰਗ 'ਤੇ ਇਸ ਤਰ੍ਹਾਂ ਦੀ ਪਹਿਲੀ ਟਰੇਨ ਦਾ ਪਰੀਖਣ ਕੀਤਾ ਜਾਵੇਗਾ। ਸਾਨੂੰ ਉਮੀਦ ਹੈ ਕਿ ਇਸ ਸਾਲ 2025 ਵਿਚ ਹੀ ਇਸ ਇੰਜਣ ਨਾਲ ਜੁੜੀ ਟਰੇਨ ਨੂੰ ਹਰਿਆਣਾ ਵਿਚ ਚਲਾਇਆ ਜਾਵੇਗਾ।