ਭਾਰਤੀ ਰੇਲਵੇ ਦੇ ਇਤਿਹਾਸ ''ਚ ਪਹਿਲੀ ਵਾਰ ਹੋਇਆ ਅਜਿਹਾ, ਕਮਾਈ ਤੋਂ ਜ਼ਿਆਦਾ ਦੇਣਾ ਪਿਆ ਰਿਫੰਡ

Thursday, Aug 13, 2020 - 07:41 PM (IST)

ਭਾਰਤੀ ਰੇਲਵੇ ਦੇ ਇਤਿਹਾਸ ''ਚ ਪਹਿਲੀ ਵਾਰ ਹੋਇਆ ਅਜਿਹਾ, ਕਮਾਈ ਤੋਂ ਜ਼ਿਆਦਾ ਦੇਣਾ ਪਿਆ ਰਿਫੰਡ

ਨਵੀਂ ਦਿੱਲੀ - ਭਾਰਤੀ ਰੇਲਵੇ ਦੇ 167 ਸਾਲ ਦੇ ਇਤਿਹਾਸ 'ਚ ਇਹ ਸ਼ਾਇਦ ਪਹਿਲੀ ਵਾਰ ਹੋਇਆ ਹੋਵੇਗਾ ਜਦੋਂ ਰੇਲਵੇ ਨੇ ਟਿਕਟ ਬੁਕਿੰਗ ਤੋਂ ਹੋਈ ਕਮਾਈ ਤੋਂ ਜ਼ਿਆਦਾ ਪੈਸਾ ਮੁਸਾਫਰਾਂ ਨੂੰ ਵਾਪਸ ਕਰ ਦਿੱਤਾ। ਕੋਵਿਡ-19 ਸੰਕਟ ਤੋਂ ਪ੍ਰਭਾਵਿਤ ਚਾਲੂ ਵਿੱਤ ਸਾਲ ਦੀ ਪਹਿਲੀ ਤੀਮਾਹੀ 'ਚ ਰੇਲਵੇ  ਦੇ ਪੈਸੇਂਜਰ ਟਰੇਨਾਂ ਤੋਂ ਕਮਾਈ 'ਚ 1,066 ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਸ ਗੱਲ ਦੀ ਜਾਣਕਾਰੀ ਇੱਕ ਆਰ.ਟੀ.ਆਈ. 'ਚ ਨਿਕਲ ਕੇ ਸਾਹਮਣੇ ਆਈ ਹੈ। ਇਹ ਆਰ.ਟੀ.ਆਈ. ਮੱਧ ਪ੍ਰਦੇਸ਼ ਦੇ ਸ਼ਿਵ ਗੌਰ ਨੇ ਦਾਖਲ ਕੀਤੀ ਸੀ।

ਇਸ ਆਰ.ਟੀ.ਆਈ. 'ਚ ਮਿਲੀ ਜਾਣਕਾਰੀ ਮੁਤਾਬਕ ਅਪ੍ਰੈਲ ਤੋਂ ਲੈ ਕੇ ਜੂਨ ਤੱਕ ਦੇ ਟਾਈਮ ਪਿਰੀਅਡ 'ਚ ਰੇਲਵੇ ਦੀ ਯਾਤਰੀ ਸ਼੍ਰੇਣੀ ਤੋਂ ਹੋਣ ਵਾਲੀ ਕਮਾਈ ਜਿੱਥੇ ਨਕਾਰਾਤਮਕ  ਰਹੀ। ਉਥੇ ਹੀ ਮਾਲ ਭਾੜੇ ਨਾਲ ਹੋਣ ਵਾਲੀ ਕਮਾਈ ਆਪਣੇ ਪੱਧਰ 'ਤੇ ਬਣੀ ਰਹੀ। ਕੋਰੋਨਾ ਵਾਇਰਸ ਸੰਕਰਮਣ ਕਾਰਨ ਟਰੇਨਾਂ ਦੇ ਰੱਦ ਹੋਣ ਅਤੇ ਯਾਤਰਾ ਪਾਬੰਦੀਆਂ ਕਾਰਨ ਚਾਲੂ ਵਿੱਤ ਸਾਲ ਦੀ ਪਹਿਲੀ ਤੀਮਾਹੀ 'ਚ ਆਮ ਪੈਸੇਂਜਰ ਟਰੇਨਾਂ ਦਾ ਸੰਚਾਲਨ ਬੰਦ ਰਿਹਾ। ਇਸ ਦੌਰਾਨ ਰੇਲਵੇ ਦੇ ਮੁਸਾਫਰਾਂ ਨੂੰ ਟਿਕਟ ਕਿਰਾਇਆ ਵਾਪਸ ਕਰਨ ਨਾਲ ਅਪ੍ਰੈਲ 'ਚ 531.12 ਕਰੋੜ ਰੁਪਏ, ਮਈ 'ਚ 145.24 ਕਰੋੜ ਰੁਪਏ ਅਤੇ ਜੂਨ 'ਚ 390.6 ਕਰੋੜ ਰੁਪਏ ਦਾ ਨੁਕਸਾਨ ਹੋਇਆ।

ਰੇਲਵੇ ਦੇ ਬੁਲਾਰਾ ਡੀ.ਜੇ. ਨਰਾਇਣ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਇਹ ਨੁਕਸਾਨ ਦੀ ਰਾਸ਼ੀ ਰੇਲਵੇ ਦੀ ਆਪਣੀ ਕਮਾਈ ਤੋਂ ਜ਼ਿਆਦਾ ਲੋਕਾਂ ਨੂੰ ਰਿਫੰਡ ਕਰਨ ਦੇ ਅੰਕੜੇ ਦਰਸ਼ਾਉਂਦੀ ਹੈ। ਪਿਛਲੇ ਸਾਲ ਰੇਲਵੇ ਨੇ ਅਪ੍ਰੈਲ 'ਚ 4,345 ਕਰੋੜ ਰੁਪਏ, ਮਈ 'ਚ 4,463 ਕਰੋੜ ਰੁਪਏ ਅਤੇ ਜੂਨ 'ਚ 4,589 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

ਰੇਲਵੇ ਨੇ ਕਿਹਾ ਕਿ ਮਹਾਮਾਰੀ ਦੇ ਚੱਲਦੇ ਚਾਲੂ ਵਿੱਤ ਸਾਲ 'ਚ ਰੇਲਵੇ ਨੂੰ ਕਰੀਬ 40,000 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਹਾਲਾਂਕਿ ਇਸ ਦੌਰਾਨ ਉਸ ਦੀ ਮਾਲ ਭਾੜੇ ਨਾਲ ਕਮਾਈ ਬਣੀ ਰਹੀ। ਰੇਲਵੇ ਨੇ ਮਾਲ ਭਾੜੇ ਨਾਲ ਅਪ੍ਰੈਲ 'ਚ 5,744 ਕਰੋੜ ਰੁਪਏ, ਮਈ 'ਚ 7,289 ਕਰੋੜ ਰੁਪਏ ਅਤੇ ਜੂਨ 'ਚ 8,706 ਕਰੋੜ ਰੁਪਏ ਦੀ ਕਮਾਈ ਕੀਤੀ।

ਵਿੱਤ ਸਾਲ 2019-20 'ਚ ਰੇਲਵੇ ਨੇ ਇਸ ਨਾਲ ਅਪ੍ਰੈਲ 'ਚ 9,331 ਕਰੋੜ ਰੁਪਏ, ਮਈ 'ਚ 10,032 ਕਰੋੜ ਰੁਪਏ ਅਤੇ ਜੂਨ 'ਚ 9,702 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਰੇਲਵੇ ਨੇ ਕਿਹਾ ਕਿ ਲਾਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਰੇਲਵੇ ਨੇ ‘ਸ਼ਰਮਿਕ ਸਪੇਸ਼ਲ’ ਟਰੇਨਾਂ ਦਾ ਸੰਚਾਲਨ ਕੀਤਾ। ਇਸ ਨਾਲ ਵੀ ਰੇਲਵੇ ਨੂੰ ਕਰੀਬ 2,000 ਕਰੋੜ ਰੁਪਏ ਦਾ ਨੁਕਸਾਨ ਹੋਇਆ।


author

Inder Prajapati

Content Editor

Related News