ਬਿ੍ਰਟੇਨ ''ਚ ਰਿਪੋਰਟਿੰਗ ਕਰਦੀ ਭਾਰਤੀ ਮੂਲ ਦੀ ਪੱਤਰਕਾਰ ਨਸਲੀ ਸ਼ੋਸ਼ਣ ਦਾ ਸ਼ਿਕਾਰ
Tuesday, May 12, 2020 - 07:54 PM (IST)
 
            
            ਲੰਡਨ - ਬੀ. ਬੀ. ਸੀ. ਦੀ ਭਾਰਤੀ ਮੂਲ ਦੀ ਇਕ ਪੱਤਰਕਾਰ ਨੂੰ ਧਮਕਾਉਣ ਅਤੇ ਉਸ ਨਾਲ ਬਦਸਲੂਕੀ ਕਰਨ ਦੇ ਦੋਸ਼ ਵਿਚ 50 ਸਾਲ ਦੇ ਇਕ ਸ਼ਖਸ ਨੂੰ ਮੰਗਲਵਾਰ ਨੂੰ ਬਿ੍ਰਟੇਨ ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਸੀਮਾ ਕੋਟੇਚਾ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਐਤਵਾਰ ਸ਼ਾਮ ਨੂੰ ਹੋਏ ਰਾਸ਼ਟਰ ਦੇ ਨਾਂ ਸੰਬੋਧਨ 'ਤੇ ਪ੍ਰਤੀਕਿਰਿਆ ਲੈਣ ਲਈ ਆਪਣੇ ਸ਼ੋਅ ਦੇ ਮਹਿਮਾਨਾਂ ਦੇ ਨਾਲ ਸੰਪਰਕ ਕਰ ਰਹੀ ਸੀ। ਪਰ ਗਲਤ ਵਿਵਹਾਰ ਦੇ ਚੱਲਦੇ ਉਨ੍ਹਾਂ ਨੂੰ ਆਪਣਾ ਪ੍ਰਸਾਰਣ ਰੋਕਣਾ ਪਿਆ।

ਜਾਨਸਨ ਨੇ ਕੋਵਿਡ-19 ਦੇ ਕਾਰਨ ਲਾਗੂ ਲਾਕਡਾਨ ਨੂੰ ਹੌਲੀ-ਹੌਲੀ ਖਤਮ ਕਰਨ ਦੇ ਵਿਸ਼ੇ 'ਤੇ ਦੇਸ਼ ਨੂੰ ਸੰਬੋਧਿਤ ਕੀਤਾ ਸੀ। ਬੀ. ਬੀ. ਸੀ. ਦੇ ਇਕ ਬੁਲਾਰੇ ਨੇ ਕਿਹਾ ਕਿ ਸਾਡੀ ਪੱਤਰਕਾਰ, ਉਨ੍ਹਾਂ ਦੀ ਪ੍ਰੋਡੱਕਸ਼ਨ ਟੀਮ ਅਤੇ ਮਹਿਮਾਨ ਪ੍ਰਸਾਰਣ ਦੀ ਤਿਆਰੀ ਕਰ ਰਹੀ ਸੀ ਉਦੋਂ ਉਨ੍ਹਾਂ ਦੇ ਨਾਲ ਨਸਲੀ ਸ਼ੋਸ਼ਣ ਦੀ ਘਟਨਾ ਵਾਪਰੀ। ਅਸੀਂ ਨਸਲਵਾਦ ਜਾਂ ਆਪਣੇ ਕਰਮਚਾਰੀਆਂ ਦੇ ਨਾਲ ਬਦਸਲੂਕੀ ਬਰਦਾਸ਼ਤ ਨਹੀਂ ਕਰਾਂਗੇ। ਘਟਨਾ ਦੀ ਸ਼ਿਕਾਇਤ ਲਿਸੇਸਟਸ਼ਾਇਰ ਪੁਲਸ ਨੂੰ ਕੀਤੀ ਗਈ, ਜਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਲਿਸੇਸਟਰ ਤੋਂ ਸੋਮਵਾਰ ਨੂੰ ਰਸੇਲ ਰਾਲਿੰਗਸਨ ਨਾਂ ਦੇ ਵਿਅਕਤੀ ਨੂੰ ਹਿਰਾਸਤ ਵਿਚ ਲਿਆ।

ਪੁਲਸ ਦੇ ਬਿਆਨ ਮੁਤਾਬਕ ਐਤਵਾਰ ਸ਼ਾਮ ਨੂੰ ਲਿਸੇਸਟਰ ਸਿਟੀ ਸੈਂਟਰ ਵਿਚ ਟੈਲੀਵੀਜ਼ਨ ਦੇ ਕਰਮੀਆਂ ਦੇ ਨਾਲ ਬਦਸਲੂਕੀ ਦੇ ਮਾਮਲੇ ਵਿਚ 50 ਸਾਲ ਦੇ ਇਕ ਵਿਅਕਤੀ 'ਤੇ ਉਤਪੀੜਣ ਲਈ ਧਮਕਾਉਣ, ਬਦਸਲੂਕੀ ਕਰਨ, ਇਤਰਾਜ਼ਯੋਗ ਸ਼ਬਦ ਬੋਲਣ ਦੇ ਦੋਸ਼ ਦਰਜ ਕੀਤੇ ਗਏ ਹਨ। ਘਟਨਾ ਤੋਂ ਬਾਅਦ ਕੋਟੇਚਾ ਨੇ ਟਵੀਟ ਕੀਤਾ ਕਿ ਅਫਸੋਸ ਹੈ। ਇਕ ਵਿਅਕਤੀ ਨੇ ਮੇਰੇ ਨਾਲ ਇਤਰਾਜ਼ਯੋਗ ਗੱਲਾਂ ਕੀਤੀਆਂ ਜਿਸ ਨਾਲ ਸਾਰਿਆਂ ਦੇ ਲਈ ਚੀਜ਼ਾਂ ਖਰਾਬ ਹੋ ਗਈਆਂ। ਉਨ੍ਹਾਂ ਕਿਹਾ ਕਿ ਇਕ ਰਾਸ਼ਟਰੀ ਸੰਕਟ ਦੀ ਰਿਪੋਰਟਿੰਗ ਨੂੰ ਦੁਖਦ ਤਰੀਕੇ ਨਾਲ ਬੰਦ ਕੀਤਾ ਗਿਆ। ਕੋਟੇਚਾ ਦੇ ਸਮਰਥਨ ਵਿਚ ਹਜ਼ਾਰਾਂ ਸੰਦੇਸ਼ ਆਏ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            