ਭਾਰਤ ਦੀ ਸਮੁੰਦਰੀ ਸੁਰੱਖਿਆ ਹੋਵੇਗੀ ਮਜ਼ਬੂਤ, ਚੱਪੇ-ਚੱਪੇ ''ਤੇ ਇੰਝ ਰੱਖੀ ਜਾਵੇਗੀ ਨਜ਼ਰ
Sunday, Dec 23, 2018 - 11:19 AM (IST)
ਨਵੀਂ ਦਿੱਲੀ— ਹਿੰਦ ਮਹਾਸਾਗਰ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਭਾਰਤੀ ਜਲ ਸੈਨਾ ਜ਼ਰਾ ਹੋਰ ਚੌਕਸ ਹੋ ਗਈ ਹੈ। ਜਲ ਸੈਨਾ ਨੇ ਇਸ ਲਈ ਇਨਫਰਮੇਸ਼ਨ ਫਿਊਜਨ ਸੈਂਟਰ ਸ਼ੁਰੂ ਕੀਤਾ ਹੈ। ਇਸ ਸੈਂਟਰ ਦਾ ਉਦਘਾਟਨ ਰੱਖਿਆ ਮੰਤਰੀ ਸੀਤਾਰਮਨ ਨੇ ਕੀਤਾ। ਹੁਣ ਭਾਰਤ ਦੇ ਸਕਿਓਰਿਟੀ ਸਿਸਟਮ ਨਾਲ ਹੀ 43 ਦੇਸ਼ਾਂ ਦੇ ਸਿਸਟਮ ਦਾ ਲਾਈਵ ਡਾਟਾ ਸਾਨੂੰ ਮਿਲਣ ਲੱਗਾ ਹੈ। ਇਸ ਨਾਲ ਹਿੰਦ ਮਹਾਸਾਗਰ ਵਿਚ ਘੁੰਮ ਰਹੇ ਹਰ ਸਮੁੰਦਰੀ ਜਹਾਜ਼ 'ਤੇ ਨਜ਼ਰ ਰੱਖੀ ਜਾ ਸਕੇਗੀ। ਹਿੰਦ ਮਹਾਸਾਗਰ ਵਪਾਰ ਦੀ ਨਜ਼ਰ ਤੋਂ ਦੁਨੀਆ ਲਈ ਕਿੰਨਾ ਅਹਿਮ ਹੈ, ਇਸ ਦਾ ਅੰਦਾਜਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਦੁਨੀਆ ਭਰ ਦੇ ਵੱਡੇ ਕਾਰਗੋ (ਸਮੁੰਦਰੀ ਜਹਾਜ਼ 'ਚ ਲੱਦਿਆ ਮਾਲ) 'ਚੋਂ ਇਕ ਤਿਹਾਈ, ਕਨਟੇਨਰ ਜਹਾਜ਼ 'ਚੋਂ ਕਰੀਬ ਅੱਧੇ ਤੇਲ ਲੈ ਕੇ ਜਾ ਰਹੇ ਜਹਾਜ਼ਾਂ ਵਿਚੋਂ ਦੋ ਤਿਹਾਈ ਇੱਥੋਂ ਹੀ ਲੰਘਦੇ ਹਨ।
ਇਨਫਰਮੇਸ਼ਨ ਫਿਊਜ ਸੈਂਟਰ ਜ਼ਰੀਏ ਸਮੁੰਦਰ ਦੀ ਹਰ ਹਰਕਤ 'ਤੇ ਤਿੱਖੀ ਨਜ਼ਰ ਰਹੇਗੀ। ਕਿਹੜਾ ਜਹਾਜ਼ ਕਿੱਥੋਂ ਆਇਆ ਹੈ, ਕਿੱਥੇ ਜਾ ਰਿਹਾ ਹੈ, ਇਸ ਦੀ ਜਾਣਕਾਰੀ ਮਿਲੇਗੀ। ਇਸ ਤੋਂ ਇਲਾਵਾ ਕਿਸੇ ਵੀ ਸ਼ੱਕੀ ਹਰਕਤ ਦੀ ਵੀ ਤੁਰੰਤ ਜਾਣਕਾਰੀ ਮਿਲ ਜਾਵੇਗੀ। ਭਾਰਤੀ ਜਲ ਸੈਨਾ ਦੇ ਇਕ ਅਧਿਕਾਰੀ ਮੁਤਾਬਕ ਇਸ ਨਾਲ ਸਮੁੰਦਰੀ ਲੁਟੇਰੇ, ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਗੈਰ-ਕਾਨੂੰਨੀ ਰੂਪ ਨਾਲ ਮੱਛੀਆਂ ਫੜਨ, ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਵਿਚ ਮਦਦ ਮਿਲੇਗੀ। ਬਸ ਇੰਨਾ ਹੀ ਨਹੀਂ ਕੁਦਰਤੀ ਆਫਤ ਦੇ ਸਮੇਂ ਵੀ ਲਗਾਤਾਰ ਮਿਲ ਰਹੀ ਲਾਈਵ ਫੀਡ ਦਾ ਫਾਇਦਾ ਮਿਲੇਗਾ।
ਰਾਜਧਾਨੀ ਤੋਂ ਕੁਝ ਦੂਰੀ 'ਤੇ ਬਣੇ ਇਨਫਰਮੇਸ਼ਨ ਮੈਨੇਜਮੈਂਟ ਐਂਡ ਐਨਾਲਿਟਿਕਸ ਸੈਂਟਰ ਵਿਚ ਲੱਗੀ ਸਕ੍ਰੀਨ ਸਮੁੰਦਰ 'ਚ ਹੋ ਰਹੀ ਹਰ ਹਰਕਤ ਦਿਖਾਉਂਦੀ ਹੈ। ਇੱਥੇ ਇਨਫਰਮੇਸ਼ਨ ਫਿਊਜਨ ਸੈਂਟਰ ਵੀ ਬਣਿਆ ਹੈ। ਸਕ੍ਰੀਨ 'ਤੇ ਸਿਸਟਮ ਜ਼ਰੀਏ ਮਿਲ ਰਹੀ ਫੀਡ ਨਾਲ ਹੀ ਦੂਜੇ ਦੇਸ਼ਾਂ ਤੋਂ ਮਿਲ ਰਹੀ ਫੀਡ 'ਤੇ ਲਗਾਤਾਰ ਨਜ਼ਰ ਰੱਖੀ ਜਾਂਦੀ ਹੈ। ਭਾਰਤ ਨੂੰ ਕੁੱਲ 36 ਦੇਸ਼ਾਂ ਨਾਲ ਸਮਝੌਤੇ ਕਰਨੇ ਹਨ, ਜਿਨ੍ਹਾਂ'ਚ 21 ਦੇਸ਼ਾਂ ਨਾਲ ਸਾਈਨ ਹੋ ਗਏ ਹਨ। ਇਸ ਤੋਂ ਇਲਾਵਾ 3 ਮਲਟੀਲੈਟਰਲ ਸਮਝੌਤੇ ਹੋਏ ਹਨ। ਕੁੱਲ ਮਿਲਾ ਕੇ 43 ਦੇਸ਼ਾਂ ਤੋਂ ਫੀਡ ਮਿਲਣ ਲੱਗੀ ਹੈ।
