ਤਾਲਿਬਾਨ ਨਾਲ ਪਹਿਲੀ ਵਾਰ ਮਿਲੇ ਭਾਰਤੀ ਡਿਪਲੋਮੈਟ, ਅਫਗਾਨਿਸਤਾਨ ਦੇ ਦੌਰੇ ’ਤੇ ਵਿਦੇਸ਼ ਮੰਤਰਾਲਾ ਦੀ ਟੀਮ
Friday, Jun 03, 2022 - 02:39 PM (IST)
ਕਾਬੁਲ– ਭਾਰਤੀ ਵਿਦੇਸ਼ ਮੰਤਰਾਲਾ ਦੇ ਸੰਯੁਕਤ ਸਕੱਤਰ ਜੇ. ਪੀ. ਸਿੰਘ ਦੇ ਨਾਲ ਇਕ ਵਫਦ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਪੁੱਜਾ। ਦੇਸ਼ ਵਿਚ ਪਿਛਲੇ ਸਾਲ ਤਾਲਿਬਾਨ ਦੀ ਸਰਕਾਰ ਬਣਨ ਤੋਂ ਬਾਅਦ ਭਾਰਤ ਦੀ ਕਿਸੇ ਸਰਕਾਰੀ ਟੀਮ ਦਾ ਇਹ ਪਹਿਲਾ ਕਾਬੁਲ ਦੌਰਾ ਹੈ। ਜੇ. ਪੀ. ਸਿੰਘ ਦੀ ਅਗਵਾਈ ਵਿਚ ਇਸ ਵਫਦ ਨੇ ਤਾਲਿਬਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁਤੱਕੀ ਨਾਲ ਮੁਲਾਕਾਤ ਕੀਤੀ ਅਤੇ ਡਿਪਲੋਮੈਟਿਕ ਸੰਬੰਧਾਂ, ਵਪਾਰ ਅਤੇ ਮਨੁੱਖੀ ਮਦਦ ’ਤੇ ਚਰਚਾ ਕੀਤੀ। ਇਸ ਮੁਲਾਕਾਤ ਤੋਂ ਬਾਅਦ ਮੁਤੱਕੀ ਨੇ ਭਾਰਤੀ ਟੀਮ ਦੇ ਦੌਰੇ ਨੂੰ ਚੰਗੀ ਸ਼ੁਰੂਆਤ ਦੱਸਿਆ। ਜੇ. ਪੀ. ਸਿੰਘ ਦੀ ਅਗਵਾਈ ਵਿਚ ਇਹ ਟੀਮ ਕਾਬੁਲ ਵਿਚ ਭਾਰਤ ਤੋਂ ਆਉਣ ਵਾਲੀ ਮਨੁੱਖੀ ਸਹਾਇਤਾ ਸਮੱਗਰੀ ਦੀ ਸਪਲਾਈ ਅਤੇ ਵੰਡ ਦੀ ਵਿਵਸਥਾ ਦਾ ਜਾਇਜ਼ਾ ਲੈਣ ਗਈ ਹੈ। ਭਾਰਤੀ ਵਫਦ ਅਫਗਾਨਿਸਤਾਨ ਵਿਚ ਭਾਰਤ ਦੀ ਮਦਦ ਨਾਲ ਚੱਲ ਰਹੇ ਪ੍ਰਾਜੈਕਟਾਂ ਨੂੰ ਲਾਗੂ ਕਰਨ ਵਾਲੀਆਂ ਥਾਵਾਂ ਦਾ ਦੌਰਾ ਵੀ ਕਰੇਗਾ।
ਇਸ ਦੌਰਾਨ ਭਾਰਤ ਨੇ ਸਪੱਸ਼ਟ ਕੀਤਾ ਕਿ ਭਾਰਤੀ ਅਧਿਕਾਰੀਆਂ ਦੀ ਅਫਗਾਨਿਸਤਾਨ ਦੀ ਯਾਤਰਾ ਨੂੰ ਦੋਵਾਂ ਦੇਸ਼ਾਂ ਦਰਮਿਆਨ ਡਿਪਲੋਮੈਟਿਕ ਸੰਪਰਕ ਨਹੀਂ ਮੰਨਿਆ ਜਾ ਸਕਦਾ ਅਤੇ ਕਾਬੁਲ ਸਥਿਤ ਭਾਰਤੀ ਦੂਤਘਰ ਵਿਚ ਮੁੜ ਭਾਰਤੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਤਾਇਨਾਤੀ ਅਤੇ ਕੰਮਕਾਜ ਆਮ ਤੌਰ ’ਤੇ ਬਹਾਲ ਕਰਨ ਬਾਰੇ ਵੀ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਥੇ ਨਿਯਮਿਤ ਬ੍ਰੀਫਿੰਗ ਵਿਚ ਅਫਗਾਨਿਸਤਾਨ ਵਿਚ ਭਾਰਤੀ ਟੀਮ ਦੇ ਦੌਰੇ ਬਾਰੇ ਸਵਾਲਾਂ ਦੇ ਜਵਾਬ ਵਿਚ ਇਹ ਸਾਫ ਕੀਤਾ। ਉਨ੍ਹਾਂ ਕਿਹਾ ਕਿ ਤਾਲਿਬਾਨ ਸ਼ਾਸਨ ਨੂੰ ਰਸਮੀ ਮਾਨਤਾ ਦੇਣ ਦਾ ਅਜੇ ਕੋਈ ਸਵਾਲ ਨਹੀਂ ਹੈ।
ਇਹ ਵੀ ਪੜ੍ਹੋ: ਸਕੂਲ ਅਤੇ ਹਸਪਤਾਲ ਤੋਂ ਬਾਅਦ ਹੁਣ ਅਮਰੀਕਾ 'ਚ ਚਰਚ ਨੇੜੇ ਹੋਈ ਗੋਲੀਬਾਰੀ, ਹਮਲਾਵਰ ਸਮੇਤ 3 ਮਰੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।