ਰਾਜ ਸਭਾ ''ਚ ਉੱਠੀ ਤਾਮਿਲ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਮੰਗ

07/10/2019 1:52:12 PM

ਨਵੀਂ ਦਿੱਲੀ (ਭਾਸ਼ਾ)— ਤਾਮਿਲਨਾਡੂ ਵਿਚ ਕਰੀਬ 3 ਦਹਾਕੇ ਤੋਂ ਰਹਿ ਰਹੇ ਸ਼੍ਰੀਲੰਕਾ ਦੇ ਤਾਮਿਲ ਸ਼ਰਨਾਰਥੀਆਂ ਦੀ ਹਾਲਤ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਰਾਜ ਸਭਾ 'ਚ ਮੁੱਦਾ ਚੁੱਕਿਆ ਗਿਆ। ਤ੍ਰਿਣਮੂਲ ਕਾਂਗਰਸ ਦੇ ਇਕ ਮੈਂਬਰ ਨੇ ਇਨ੍ਹਾਂ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦਿੱਤੇ ਜਾਣ ਦੀ ਮੰਗ ਕੀਤੀ। ਰਾਜ ਸਭਾ ਵਿਚ ਸਿਫਰ ਕਾਲ ਦੌਰਾਨ ਇਹ ਮੁੱਦਾ ਚੁੱਕਦੇ ਹੋਏ ਅਹਿਮਦ ਹਸਨ ਨੇ ਕਿਹਾ ਕਿ ਸ਼੍ਰੀਲੰਕਾ ਤੋਂ ਆਏ 60,000 ਤੋਂ ਵੱਧ ਸ਼ਰਨਾਰਥੀ 25 ਤੋਂ 29 ਸਾਲਾਂ ਤੋਂ ਤਾਮਿਲਨਾਡੂ 'ਚ 109 ਸ਼ਰਨਾਰਥੀ ਕੈਂਪਾਂ 'ਚ ਰਹਿ ਰਹੇ ਹਨ ਅਤੇ ਇਨ੍ਹਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਉਨ੍ਹਾਂ ਕਿਹਾ ਕਿ ਇਹ ਸ਼ਰਨਾਰਥੀ ਭਾਰਤ ਦੀ ਨਾਗਰਿਕਤਾ ਚਾਹੁੰਦੇ ਹਨ ਅਤੇ ਇਸ ਮੰਗ ਨੂੰ ਲੈ ਕੇ ਉਨ੍ਹਾਂ ਨੇ ਹਾਲ ਹੀ ਵਿਚ ਪ੍ਰਦਰਸ਼ਨ ਵੀ ਕੀਤਾ ਸੀ।

ਹਸਨ ਨੇ ਕਿਹਾ ਕਿ ਇਹ ਸ਼ਰਨਾਰਥੀ ਭਾਰਤੀ ਮੂਲ ਦੇ ਹਨ, ਤਾਮਿਲ ਹਿੰਦੂ ਹਨ ਅਤੇ ਜਾਨ ਦੇ ਖਤਰੇ ਨੂੰ ਮਹਿਸੂਸ ਕਰ ਕੇ ਭਾਰਤ ਆਏ ਸਨ। ਇਨ੍ਹਾਂ ਦੀਆਂ ਸਮੱਸਿਆਵਾਂ ਦਾ 29 ਸਾਲਾਂ ਤੋਂ ਹੱਲ ਨਹੀਂ ਹੋ ਸਕਿਆ। ਤਾਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਜੇ. ਜੈਲਲਿਤਾ ਨੇ ਇਨ੍ਹਾਂ ਲੋਕਾਂ ਨੂੰ ਦੋਹਰੀ ਨਾਗਰਿਕਤਾ ਦੇਣ ਦਾ ਭਰੋਸਾ ਦਿੱਤਾ ਸੀ ਪਰ ਕੇਂਦਰ ਵਲੋਂ ਕੁਝ ਨਹੀਂ ਕੀਤਾ ਗਿਆ। ਇਸ ਸੰਬੰਧ ਵਿਚ ਸਰਕਾਰ ਇਕ ਬਿੱਲ ਵੀ ਲਿਆਈ ਸੀ ਪਰ ਵਿਰੋਧ ਕਾਰਨ ਇਸ ਨੂੰ ਰਾਜ ਸਭਾ 'ਚ ਪਾਸ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਨੇ ਮੰਗ ਕੀਤੀ ਕਿ ਇਨ੍ਹਾਂ ਸ਼ਰਨਾਥੀਆਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ ਅਤੇ ਫਿਰ ਸ਼੍ਰੀਲੰਕਾ ਸਰਕਾਰ ਨਾਲ ਗੱਲ ਕਰ ਕੇ ਇਨ੍ਹਾਂ ਸ਼ਰਨਾਰਥੀਆਂ ਦਾ ਟਾਪੂ ਦੇਸ਼ ਵਿਚ ਮੁੜਵਸੇਬਾ ਕਰਨਾ ਚਾਹੀਦਾ ਹੈ।


Tanu

Content Editor

Related News