ਆਪਣੀ ਤਾਕਤ 'ਚ ਹੋਰ ਇਜ਼ਾਫਾ ਕਰੇਗੀ ਭਾਰਤੀ ਫੌਜ ! ਖਰੀਦੇਗੀ ਆਪਰੇਸ਼ਨ ਸਿੰਦੂਰ ਦੌਰਾਨ ਕਹਿਰ ਮਚਾਉਣ ਵਾਲੀ 'ਪਿਨਾਕਾ'
Saturday, Dec 13, 2025 - 05:00 PM (IST)
ਨੈਸ਼ਨਲ ਡੈਸਕ : ਭਾਰਤੀ ਸੈਨਾ ਨੇ ਆਪਣੀ ਫੌਜੀ ਤਾਕਤ ਨੂੰ ਹੋਰ ਵਧਾਉਣ ਲਈ 120 ਕਿਲੋਮੀਟਰ ਰੇਂਜ ਵਾਲੀ ਗਾਈਡਿਡ ਪਿਨਾਕਾ ਰਾਕੇਟ ਖਰੀਦਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦੱਸ ਦੇਈਏ ਕਿ ਪਿਨਾਕਾ ਰਾਕੇਟ ਨੇ ਆਪ੍ਰੇਸ਼ਨ ਸਿੰਦੂਰ 'ਚ ਭਾਰੀ ਤਬਾਹੀ ਮਚਾਈ ਸੀ। ਭਾਰਤ ਨੇ ਤੋਪਖਾਨੇ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਹੁਣ ਇਸ ਰਾਕੇਟ ਨੂੰ ਖਰੀਦਣ ਲਈ 2500 ਕਰੋੜ ਰੁਪਏ ਦਾ ਪ੍ਰਸਤਾਵ ਪੇਸ਼ ਕੀਤਾ ਹੈ ਜਿਸ ਨੂੰ ਜਲਦ ਹੀ ਡੀ.ਏ.ਸੀ ਦੀ ਮਨਜ਼ੂਰੀ ਜਲਣ ਦੀ ਉਮੀਦ ਹੈ। ਭਾਰਤੀ ਸੈਨਾ ਨੂੰ ਹੋਰ ਵੀ ਅਪਗ੍ਰੇਡ ਕਰਨ ਲਈ ਰੱਖਿਆ ਵਿਭਾਗ ਸਵਦੇਸ਼ੀ ਹਥਿਆਰਾਂ ਦੇ ਵਿਕਾਸ ਨੂੰ ਵਿਸ਼ੇਸ਼ ਤਰਜੀਹ ਦੇ ਰਿਹਾ ਹੈ।
DRDO ਲਾਂਚਰਾਂ ਨੂੰ ਕਰੇਗਾ ਵਿਕਸਿਤ
ਰੱਖਿਆ ਅਧਿਕਾਰੀਆਂ ਦੇ ਅਨੁਸਾਰ ਇਹ ਨਵੇਂ ਗਾਈਡਿਡ ਰਾਕੇਟ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਵੱਲੋਂ ਵਿਕਸਿਤ ਕੀਤੇ ਜਾਣਗੇ। ਇਹ ਪ੍ਰੀਖਣ ਸਫਲ ਹੋਣ ਤੋਂ ਬਾਅਦ ਇਸ ਦਾ ਵੱਡੇ ਪੈਮਾਨੇ 'ਤੇ ਨਿਰਮਾਣ ਕੀਤਾ ਜਾਵੇਗਾ। ਇਸ ਲਾਂਚਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ 120 ਕਿਲੋਮੀਟਰ ਰੇਂਜ ਵਾਲੀ ਰਾਕੇਟ ਨੂੰ ਮੌਜੂਦਾ ਪਿਨਾਕਾ ਲਾਂਚਰਾਂ ਨਾਲ ਹੀ ਦਾਗਿਆ ਜਾ ਸਕੇਗਾ ਅਤੇ ਸੈਨਾ ਨੂੰ ਨਵੇਂ ਲਾਂਚਰ ਖਰੀਦਣ ਦੀ ਲੋੜ ਨਹੀਂ ਪਵੇਗੀ। ਇਸ ਨਾਲ ਲਾਗਤ ਬਚੇਗੀ ਅਤੇ ਭਾਰਤੀ ਸੈਨਾ ਹੋਰ ਵੀ ਮਜ਼ਬੂਤ ਹੋਣ ਦੇ ਨਾਲ-ਨਾਲ ਅਪਗ੍ਰੇਡ ਹੋਵੇਗੀ।
ਮਲਟੀ ਬੈਰਲ ਸਿਸਟਮ ਹੈ ਪਿਨਾਕਾ
ਪਿਨਾਕਾ ਮਲਟੀ ਬੈਰਲ ਰਾਕੇਟ ਸਿਸਟਮ ਹੈ। 'ਪਿਨਾਕਾ' ਨਾਮ ਭਗਵਾਨ ਸ਼ਿਵ ਦੇ ਧਨੁਸ਼ ਤੋਂ ਰੱਖਿਆ ਗਿਆ ਹੈ। ਇਹ ਰਾਕੇਟ 44 ਸਕਿੰਟਾਂ 'ਚ 12 ਰਾਕੇਟ ਇਕੱਠੇ ਦਾਗ ਸਕਦਾ ਹੈ। ਇਹ ਆਪਣੀ ਤੇਜ਼ ਪ੍ਰਤੀਕਿਰਿਆ, ਸ਼ੁੱਧਤਾ ਅਤੇ ਖੇਤਰ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੀ ਯੋਗਤਾ ਲਈ ਜਾਣਿਆ ਜਾਂਦਾ ਹੈ।
ਵੱਡੇ ਇਕਰਾਰਨਾਮਿਆਂ 'ਤੇ ਹਸਤਾਖਰ
ਇਸ ਸਾਲ ਦੇ ਸ਼ੁਰੂ 'ਚ ਰੱਖਿਆ ਮੰਤਰਾਲੇ ਨੇ ਪਿਨਾਕਾ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਵੱਡੇ ਇਕਰਾਰਨਾਮਿਆਂ 'ਤੇ ਵੀ ਹਸਤਾਖਰ ਕੀਤੇ ਸਨ। ਇਸ ਤੋਂ ਇਲਾਵਾ ਭਾਰਤ ਇਲੈਕਟ੍ਰੋਨਿਕਸ ਲਿਮਟਿਡ (BEL) ਨਾਲ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਦੀ ਮੌਜੂਦਗੀ 'ਚ ਸ਼ਕਤੀ ਸਾਫਟਵੇਅਰ ਨੂੰ ਹੋਰ ਅਪਗ੍ਰੇਡ ਕਰਨ ਲਈ ਮੌਜੂਦਾ ਸੈਨਾ ਪਿਨਾਕਾ ਰੈਜ਼ੀਮੈਂਟ ਨੂੰ ਹੋਰ ਵੀ ਮਜ਼ਬੂਤ ਕਰ ਰਹੀ ਹੈ।
