ਭਾਰਤੀ ਫ਼ੌਜ ਨੇ 14,300 ਫੁੱਟ ਦੀ ਉੱਚਾਈ ''ਤੇ ਲਾਇਆ ਛਤਰਪਤੀ ਸ਼ਿਵਾਜੀ ਦਾ ਬੁੱਤ
Sunday, Dec 29, 2024 - 11:01 AM (IST)
ਨਵੀਂ ਦਿੱਲੀ- ਭਾਰਤ ਨੇ ਇਕ ਵਾਰ ਫਿਰ ਚੀਨ ਨੂੰ ਆਪਣਾ ਜ਼ੋਰ ਦਿਖਾਇਆ ਹੈ। ਭਾਰਤੀ ਫੌਜ ਨੇ ਲੱਦਾਖ ਵਿਚ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਇਕ ਵਿਸ਼ਾਲ ਬੁੱਤ ਦਾ ਉਦਘਾਟਨ ਕੀਤਾ ਹੈ। ਛਤਰਪਤੀ ਸ਼ਿਵਾਜੀ ਦਾ ਇਹ ਸ਼ਾਨਦਾਰ ਬੁੱਤ 26 ਦਸੰਬਰ 2024 ਨੂੰ ਪੈਂਗੌਂਗ ਤਸੋ ਝੀਲ ਦੇ ਕੰਢੇ ’ਤੇ 14,300 ਫੁੱਟ ਦੀ ਉੱਚਾਈ ’ਤੇ ਸਥਾਪਤ ਕੀਤਾ ਗਿਆ ਹੈ। ਪ੍ਰੋਗਰਾਮ ਦੌਰਾਨ ਭਾਰਤੀ ਫੌਜ ਦੇ ਕਈ ਸੀਨੀਅਰ ਫੌਜੀ ਅਧਿਕਾਰੀ ਮੌਜੂਦ ਸਨ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਫੌਜ ਦੇ ਇਸ ਸ਼ਲਾਘਾਯੋਗ ਕੰਮ ਦੀ ਜਾਣਕਾਰੀ ਦਿੱਤੀ ਗਈ ਹੈ। ਫੌਜ ਮੁਤਾਬਕ ਇਹ ਬੁੱਤ ਬਹਾਦਰੀ, ਦੂਰਅੰਦੇਸ਼ੀ ਅਤੇ ਦ੍ਰਿੜ੍ਹ ਨਿਆਂ ਦਾ ਪ੍ਰਤੀਕ ਹੈ। ਇਸ ਬੁੱਤ ਦਾ ਉਦਘਾਟਨ ਲੈਫਟੀਨੈਂਟ ਜਨਰਲ ਹਿਤੇਸ਼ ਭੱਲਾ ਨੇ ਕੀਤਾ।
ਡ੍ਰੈਗਨ ਨੂੰ ਦਿੱਤਾ ਇਹ ਸਖ਼ਤ ਸੰਦੇਸ਼
ਭਾਰਤੀ ਸ਼ਾਸਕ ਛਤਰਪਤੀ ਸ਼ਿਵਾਜੀ ਮਹਾਰਾਜ ਬੇਮਿਸਾਲ ਬਹਾਦਰੀ ਦੇ ਪ੍ਰਤੀਕ ਹਨ, ਜਿਨ੍ਹਾਂ ਦੀ ਵਿਰਾਸਤ ਪੀੜ੍ਹੀ-ਦਰ-ਪੀੜ੍ਹੀ ਪ੍ਰੇਰਣਾਸਰੋਤ ਬਣੀ ਹੋਈ ਹੈ। ਲੱਦਾਖ ਦੇ ਕੁਝ ਖੇਤਰਾਂ ਨੂੰ ਲੈ ਕੇ ਭਾਰਤ ਤੇ ਚੀਨ ਵਿਚਾਲੇ ਤਣਾਅ ਰਹਿੰਦਾ ਹੈ। ਅਜਿਹੇ ਵਿਚ ਭਾਰਤ ਨੇ ਲੱਦਾਖ ਵਿਚ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਵਿਸ਼ਾਲ ਬੁੱਤ ਲਗਾ ਕੇ ਚੀਨ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਭਾਰਤ ਦੇ ਇਸ ਕਦਮ ਨੂੰ ਉਸ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰੱਖਿਆ ਦੇ ਸੰਕਲਪ ਦੇ ਪ੍ਰਤੀਕ ਵਜੋਂ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਭਾਰਤ ਨੇ ਚੀਨ ਨੂੰ ਸਪੱਸ਼ਟ ਸੰਦੇਸ਼ ਵੀ ਦਿੱਤਾ ਕਿ ਉਹ ਆਪਣੇ ਦਾਅਵਿਆਂ ਤੋਂ ਪਿੱਛੇ ਹਟਣ ਵਾਲਾ ਨਹੀਂ ਹੈ।