ਭਾਰਤੀ ਹਵਾਈ ਫੌਜ ਨੂੰ ਮਿਲਣਗੇ 83 ਤੇਜਸ, ਰੱਖਿਆ ਮੰਤਰਾਲਾ ਨੇ ਖਰੀਦ ਨੂੰ ਦਿੱਤੀ ਮਨਜ਼ੂਰੀ
Wednesday, Mar 18, 2020 - 06:59 PM (IST)
ਨਵੀਂ ਦਿੱਲੀ — ਸਰਕਾਰ ਨੇ ਲੜਾਕੂ ਜਹਾਜ਼ਾਂ ਦੀ ਕਮੀ ਤੋਂ ਜੂਝ ਰਹੀ ਹਵਾਈ ਫੌਜ ਲਈ ਇਕ ਮਹੱੱਤਵਪੂਰਣ ਫੈਸਲਾ ਲੈਂਦੇ ਹੋਏ 83 ਸਵਦੇਸ਼ੀ ਤੇਜਸ ਲੜਾਕੂ ਜਹਾਜ਼ ਦੀ ਖਰੀਦ ਨੂੰ ਅੱਜ ਮਨਜ਼ੂਰੀ ਦੇ ਦਿੱਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ 'ਚ ਅੱਜ ਇਥੇ ਹੋਈ ਰੱਖਿਆ ਪ੍ਰੀਸ਼ਦ ਦੀ ਬੈਠਕ 'ਚ ਇਸ ਖਰੀਦ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ।
ਪ੍ਰੀਸ਼ਦ ਤੋਂ ਇਲਾਵਾ 1300 ਕਰੋੜ ਰੁਪਏ ਦੀ ਲਾਗਤ ਨਾਲ ਦੇਸ਼ 'ਚ ਹੀ ਬਣੇ ਰੱਖਿਆ ਉਤਪਾਦਾਂ ਦੀ ਖਰੀਦ ਨੂੰ ਵੀ ਹਰੀ ਝੰਡੀ ਦਿਖਾਈ। ਪ੍ਰੀਸ਼ਦ ਨੇ ਅੱਜ ਦੀ ਬੈਠਕ 'ਚ ਹਵਾਈ ਫੌਜ ਲਈ ਤੇਜਸ ਜਹਾਜ਼ਾਂ ਦੇ 83 ਅਪਗ੍ਰੇਡ ਵਰਜ਼ਨ ਐੱਮ.ਕੇ. 1ਏ ਦੀ ਖਰੀਦ ਦੇ ਪ੍ਰਸਤਾਵ ਨੂੰ ਮਨਜ਼ੂਰ ਕੀਤਾ ਹੈ। ਹਵਾਈ ਫੌਡ ਲਈ ਤੇਜਸ ਦੇ ਅਸਲ ਵਰਜ਼ਨ ਦੇ 40 ਜਹਾਜ਼ਾਂ ਦੀ ਖਰੀਦ ਦਾ ਆਰਡਰ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ।
ਹਲਕੇ ਲੜਾਕੂ ਤੇਜਸ ਦਾ ਡਿਜ਼ਾਇਨ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੇ ਤਹਿਤ ਆਉਣ ਵਾਲੀ ਏਅਰਕ੍ਰਾਫਟ ਡਿਵੈਲਪਮੈਂਟ ਏਜੰਸੀ ਨੇ ਕੀਤਾ ਹੈ। ਦੇਸ਼ 'ਚ ਰੱਖਿਆ ਖੇਤਰ ਦਾ ਮੁੱਖ ਉਪਕ੍ਰਮ ਹਿੰਦੁਸਤਾਨ ਐਰੋਵਾਟਿਕਸ ਲਿਮਟਿਡ ਇਨ੍ਹਾਂ ਜਹਾਜ਼ਾਂ ਨੂੰ ਬਣਾ ਰਿਹਾ ਹੈ। ਇਨ੍ਹਾਂ ਜਹਾਜ਼ਾਂ ਨਾਲ ਹਵਾਈ ਫੌਜ ਦੀ ਤਾਕਤ ਵਧੇਗੀ ਅਤੇ ਉਸ ਦੀ ਮਾਰੂ ਸਮਰੱਥਾਂ 'ਚ ਵੀ ਵਾਧਾ ਹੋਵੇਗਾ।
ਇਸ ਤੋਂ ਇਲਾਵਾ ਸਰਕਾਰ ਦੇ ਇਸ ਫੈਸਲੇ ਨਾਲ ਉਸ ਦੀ ਮਹੱਤਪੂਰਣ ਯੋਜਨਾ ਮੇਕ ਇਨ ਇੰਡੀਆ ਨੂੰ ਵੀ ਮਜ਼ਬੂਤੀ ਮਿਲੇਗੀ। ਪ੍ਰੀਸ਼ਦ ਨੇ ਤੇਜਸ ਜਹਾਜ਼ ਦੇ ਨਾਲ-ਨਾਲ ਹਵਾਈ ਫੌਜ ਦੇ ਹਾਕ ਐੱਮ.ਕੇ. 32 ਜਹਾਜ਼ਾਂ ਲਈ ਦੇਸ਼ 'ਚ ਹੀ ਬਣੇ ਐਰੀਅਲ ਫਿਊਜ਼ ਅਤੇ ਟਵੀਨ ਡੋਮ ਸਿਮੁਲੇਟਰ ਦੀ ਖਰੀਦ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਦੀ ਖਰੀਦ 'ਤੇ 1300 ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ।