88ਵਾਂ ਸਥਾਪਨਾ ਦਿਹਾੜਾ : ਭਾਰਤੀ ਹਵਾਈ ਫ਼ੌਜ ਨੇ ਕੀਤੀ ਫੁੱਲ ਡਰੈੱਸ ਰਿਹਰਸਲ
Tuesday, Oct 06, 2020 - 04:19 PM (IST)
ਨਵੀਂ ਦਿੱਲੀ- ਭਾਰਤੀ ਹਵਾਈ ਫ਼ੌਜ ਨੇ 8 ਅਕਤੂਬਰ ਨੂੰ 88ਵੇਂ ਸਥਾਪਨਾ ਦਿਹਾੜਾ ਦੀਆਂ ਤਿਆਰੀਆਂ ਦੇ ਅਧੀਨ ਮੰਗਲਵਾਰ ਨੂੰ ਹਿੰਡਨ ਬੇਸ 'ਤੇ ਫੁੱਲ ਡਰੈੱਸ ਰਿਹਰਸਲ ਕੀਤੀ ਗਈ। ਹਵਾਈ ਫ਼ੌਜ ਦੇ ਇਕ ਅਧਿਕਾਰੀ ਨੇ ਕਿਹਾ ਕਿ ਰਿਹਰਸਲ 'ਚ ਤੇਜਸ ਐੱਲ.ਸੀ.ਏ., ਮਿਗ-29, ਜਗੁਆਰ, ਮਿਗ-21 ਅਤੇ ਸੁਖੋਈ-30 ਜੰਗੀ ਜਹਾਜ਼ਾਂ ਤੋਂ ਇਲਾਵਾ ਹਾਲ ਹੀ ਹਵਾਈ ਬੇੜੇ 'ਚ ਸ਼ਾਮਲ ਰਾਫ਼ੇਲ ਜੈੱਟ ਜਹਾਜ਼ ਨੇ ਵੀ ਹਿੱਸਾ ਲਿਆ। ਅਧਿਕਾਰੀ ਨੇ ਕਿਹਾ ਕਿ ਅੱਜ ਹੋਈ ਰਿਹਰਸਲ 'ਚ ਹਵਾਈ ਫ਼ੌਜ ਦੇ ਐੱਮ.ਆਈ.-17 ਵੀ5, ਏ.ਐੱਲ.ਐੱਚ. ਮਾਰਕ-4, ਚਿਨੂਕ, ਐੱਮ.ਆਈ.-35 ਅਤੇ ਅਪਾਚੇ ਹੈਲੀਕਾਪਟਰਾਂ ਨੇ ਵੀ ਹਿੱਸਾ ਲਿਆ।
ਇਸ ਤੋਂ ਇਲਾਵਾ ਹਵਾਈ ਫ਼ੌਜ ਦੇ ਆਵਾਜਾਈ ਜਹਾਜ਼ਾਂ ਸੀ-17, ਸੀ-130, ਡੋਨੀਅਰ ਅਤੇ ਡੀ.ਸੀ.-3 ਡਕੋਟਾ ਜਹਾਜ਼ਾਂ ਨੇ ਵੀ ਹਿੱਸਾ ਲਿਆ। ਸੂਰੀਆ ਕਿਰਨ ਜਹਾਜ਼ਾਂ ਦੇ ਏਰੋਬੇਟਿਕ ਦਲ ਅਤੇ ਸਾਰੰਗ ਜਹਾਜ਼ਾਂ ਨੇ ਵੀ ਫਲਾਈ ਪਾਸਟ 'ਚ ਕਰਤੱਵ ਦਿਖਾਏ। ਭਾਰਤੀ ਹਵਾਈ ਫ਼ੌਜ ਦੀ ਸਥਾਪਨਾ 8 ਅਕਤੂਬਰ 1932 ਨੂੰ ਹੋਈ ਸੀ। ਇਸ ਸਾਲ ਹਵਾਈ ਫੌਜ ਆਪਣਾ 88ਵਾਂ ਸਥਾਪਨਾ ਦਿਵਸ ਮਨਾਏਗੀ।