ਭਾਰਤੀ ਹਵਾਈ ਫ਼ੌਜ ਨੇ ਅੱਧੀ ਰਾਤ ਚਲਾਈ ਮੁਹਿੰਮ, ਸੂਡਾਨ ਤੋਂ ਗਰਭਵਤੀ ਔਰਤ ਸਮੇਤ 121 ਲੋਕਾਂ ਨੂੰ ਬਚਾਇਆ
Saturday, Apr 29, 2023 - 12:32 PM (IST)

ਨਵੀਂ ਦਿੱਲੀ (ਭਾਸ਼ਾ)- ਭਾਰਤੀ ਹਵਾਈ ਫ਼ੌਜ ਦੇ 'ਸੀ-130ਜੇ' ਜਹਾਜ਼ ਨੇ ਇਕ ਸਾਹਸਿਕ ਮੁਹਿੰਮ 'ਚ ਸੂਡਾਨ ਸਥਿਤ ਵਾਡੀ ਸੈਇਯਦਨਾ ਦੀ ਇਕ ਛੋਟੀ ਹਵਾਈ ਪੱਟੀ ਤੋਂ 121 ਲੋਕਾਂ ਨੂੰ ਬਚਾਇਆ, ਜੋ ਹਿੰਸਾ ਪ੍ਰਭਾਵਿਤ ਸੂਡਾਨ ਦੀ ਰਾਜਧਾਨੀ ਖਾਰਤੂਮ ਤੋਂ ਲਗਭਗ 40 ਕਿਲੋਮੀਟਰ ਉੱਤਰ 'ਚ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਇਹ ਬਚਾਅ ਮੁਹਿੰਮ 27 ਅਤੇ 28 ਅਪ੍ਰੈਲ ਦੀ ਦਰਮਿਆਨੀ ਰਾਤ ਚਲਾਈ ਗਈ। ਹਵਾਈ ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਚਾਏ ਗਏ ਲੋਕਾਂ 'ਚ ਇਕ ਗਰਭਵਤੀ ਔਰਤ ਵੀ ਸ਼ਾਮਲ ਹੈ। ਹਿੰਸਾ ਪ੍ਰਭਾਵਿਤ ਸੂਡਾਨ ਤੋਂ ਭਾਰਤੀਆਂ ਨੂੰ ਕੱਢਣ ਦੀ ਮੁਹਿੰਮ ਨੂੰ 'ਆਪਰੇਸ਼ਨ ਕਾਵੇਰੀ' ਨਾਮ ਦਿੱਤਾ ਗਿਆ ਹੈ।