ਭਾਰਤੀ ਹਵਾਈ ਫੌਜ ਲਈ 83 ਸਵਦੇਸ਼ੀ ਲੜਾਕੂ ਜਹਾਜ਼ ਹਾਸਲ ਕਰਨ ਦਾ ਰਾਹ ਹੋਇਆ ਸਾਫ਼
Wednesday, Feb 12, 2025 - 05:15 AM (IST)
![ਭਾਰਤੀ ਹਵਾਈ ਫੌਜ ਲਈ 83 ਸਵਦੇਸ਼ੀ ਲੜਾਕੂ ਜਹਾਜ਼ ਹਾਸਲ ਕਰਨ ਦਾ ਰਾਹ ਹੋਇਆ ਸਾਫ਼](https://static.jagbani.com/multimedia/2025_2image_05_15_348740862jet.jpg)
ਬੈਂਗਲੁਰੂ - ਭਾਰਤੀ ਹਵਾਈ ਫੌਜ ਲਈ 83 ਸਵਦੇਸ਼ੀ ਲੜਾਕੂ ਜਹਾਜ਼ ਹਾਸਲ ਕਰਨ ਦਾ ਰਾਹ ਸਾਫ਼ ਹੋ ਗਿਆ ਹੈ। ਤੇਜਸ ਲਈ ਅਮਰੀਕੀ ਕੰਪਨੀ ਜੀ. ਈ. ਤੋਂ ਮਿਲਣ ਵਾਲੇ ਇੰਜਣ-404 ਦੀ ਸਪਲਾਈ ’ਤੇ ਇਕ ਸਮਝੌਤਾ ਹੋਇਆ ਹੈ। ਪਹਿਲਾ ਇੰਜਣ ਅਗਲੇ ਮਹੀਨੇ ਡਲਿਵਰ ਕੀਤਾ ਜਾਵੇਗਾ। ਇਸ ਸਾਲ ਦੇ ਅੰਤ ਤੱਕ ਕੁੱਲ 12 ਇੰਜਣ ਡਲਿਵਰ ਕੀਤੇ ਜਾਣਗੇ।
ਤੇਜਸ ਨੂੰ ਬਣਾਉਣ ਵਾਲੀ ਕੰਪਨੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚ. ਏ. ਐੱਲ.) ਨੇ ਕਿਹਾ ਹੈ ਕਿ ਇਕ ਵਾਰ ਤੇਜਸ ਮਾਰਕ ਵਨ ਲਈ ਇੰਜਣਾਂ ਦੀ ਸਪਲਾਈ ਸੁਚਾਰੂ ਹੋ ਜਾਣ ’ਤੇ ਉਹ 2031-32 ਤੱਕ ਸਾਰੇ 180 ਤੇਜਸ ਜਹਾਜ਼ਾਂ ਦੀ ਸਪਲਾਈ ਕਰ ਦੇਵੇਗੀ। ਮੰਗਲਵਾਰ ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਹੋਏ ਐੱਚ. ਏ. ਐੱਲ. ਦੇ ਸੀ. ਐੱਮ. ਡੀ. ਸੁਨੀਲ ਨੇ ਕਿਹਾ ਕਿ ਜੀ. ਈ. ਨਾਲ ਉੱਚ ਪੱਧਰ ’ਤੇ ਚਰਚਾ ਹੋਈ ਹੈ। ਇੰਜਣ-404 ਦੀ ਸਪਲਾਈ ਲਈ ਇਕ ਸਮਝੌਤਾ ਹੋ ਗਿਆ ਹੈ।
ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਐੱਚ. ਏ. ਐੱਲ. ਨੇ ਪਿਛਲੇ ਹਫ਼ਤੇ ਬੋਸਟਨ ’ਚ ਜੀ. ਈ. ਨਾਲ ਤੇਜਸ ਮਾਰਕ ਵਨ ਦੇ ਇੰਜਣ-414 ਬਾਰੇ ਚਰਚਾ ਕੀਤੀ ਸੀ। ਅਸੀਂ ਪਹਿਲਾਂ ਇੰਜਣ ਲਈ 80 ਫੀਸਦੀ ਤਕਨਾਲੋਜੀ ਨੂੰ ਟ੍ਰਾਂਸਫਰ ਕਰਨ ਬਾਰੇ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ। ਉਸ ਤੋਂ ਬਾਅਦ ਕੀਮਤ ’ਤੇ ਚਰਚਾ ਕੀਤੀ ਜਾਵੇਗੀ।