ਚੀਨ ਸਣੇ ਬਾਕੀ ਦੇਸ਼ਾਂ ਤੋਂ ਮਿਲੀਆਂ ਖਰਾਬ ਟੈਸਟਿੰਗ ਕਿੱਟਾਂ ਵਾਪਸ ਕਰੇਗਾ ਭਾਰਤ

Friday, Apr 24, 2020 - 05:40 PM (IST)

ਨਵੀਂ ਦਿੱਲੀ- ਕੋਰੋਨਾ ਸੰਕਟ ਦੇ ਵਿਚਾਲੇ ਇਨਫੈਕਟਡ ਮਰੀਜ਼ਾਂ ਦੀ ਟੈਸਟਿੰਗ ਦੇ ਲਈ ਭਾਰਤ ਨੇ ਚੀਨ ਸਣੇ ਬਾਕੀ ਦੇਸ਼ਾਂ ਤੋਂ ਰੈਪਿਡ ਐਂਟੀਬਾਡੀ ਟੈਸਟਿੰਗ ਕਿੱਟ ਮੰਗਵਾਈ ਸੀ। ਇਕੱਲੇ ਚੀਨ ਤੋਂ ਹੀ 5 ਲੱਖ ਕਿੱਟਾਂ ਲਿਆਂਦੀਆਂ ਗਈਆਂ ਸਨ। ਸੂਬਾ ਸਰਕਾਰਾਂ ਵਲੋਂ ਇਸ ਦੇ ਖਰਾਬ ਰਿਜ਼ਲਟ ਦੀ ਸ਼ਿਕਾਇਤ ਤੋਂ ਬਾਅਦ ਭਾਰਤ ਸਰਕਾਰ ਨੇ ਕਿੱਟਾਂ ਵਾਪਸ ਕਰਨ ਦਾ ਫੈਸਲਾ ਲਿਆ ਹੈ। ਇਹ ਗੱਲ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਸ਼ੁੱਕਰਵਾਰ ਨੂੰ ਸੂਬਿਆਂ ਦੇ ਸਿਹਤ ਮੰਤਰੀਆਂ ਦੇ ਨਾਲ ਵੀਡੀਓ ਕਾਨਫਰੰਸਿੰਗ ਵਿਚ ਕਹੀ। ਉਹਨਾਂ ਕਿਹਾ ਕਿ ਅਸੀਂ ਉਹਨਾਂ ਦੇਸ਼ਾਂ ਨੂੰ ਕਿੱਟਾਂ ਦੇ ਲਈ ਕੋਈ ਪੈਸਾ ਨਹੀਂ ਦੇਵਾਂਗੇ।

ਇਹਨਾਂ ਕਿੱਟਾਂ 'ਤੇ ਕਿਉਂ ਉੱਠੇ ਸਵਾਲ?
ਬੀਤੇ ਦਿਨੀਂ ਪੱਛਮੀ ਬੰਗਾਲ ਤੇ ਰਾਜਸਥਾਨ ਸਣੇ ਕਈ ਸੂਬਿਆਂ ਨੇ ਕੇਂਦਰੀ ਸਰਕਾਰ ਵਲੋਂ ਸੂਬਿਆਂ ਨੂੰ ਦਿੱਤੀ ਗਈ ਟੈਸਟਿੰਗ ਕਿੱਟ ਦੇ ਨਤੀਜਿਆਂ 'ਤੇ ਸਵਾਲ ਚੁੱਕੇ ਸਨ। ਰਾਜਸਥਾਨ ਨੇ ਇਸ ਕਿੱਟ ਨੂੰ ਕੋਰੋਨਾ ਜਾਂਚ ਵਿਚ ਫੇਲ ਪਾਇਆ ਤੇ ਇਸ ਦੀ ਵਰਤੋਂ 'ਤੇ ਰੋਕ ਲਗਾ ਦਿੱਤੀ ਸੀ। ਇਸ ਕਿੱਟ ਨਾਲ 1,232 ਲੋਕਾਂ ਦੇ ਟੈਸਟ ਕੀਤੇ ਗਏ ਸਨ। ਇਸ ਦੌਰਾਨ ਸਿਰਫ ਦੋ ਲੋਕਾਂ ਦੇ ਪਾਜ਼ੇਟਿਵ ਹੋਣ ਦੇ ਸੰਕੇਤ ਮਿਲੇ। ਸਿਹਤ ਮੰਤਰੀ ਡਾ. ਰਘੁ ਸ਼ਰਮਾ ਨੇ ਦੱਸਿਆ ਸੀ ਕਿ ਰੈਪਿਡ ਟੈਸਟਿੰਗ ਕਿੱਟ ਦੀ ਐਕੂਰੇਸੀ 90 ਫੀਸਦੀ ਹੋਣੀ ਚਾਹੀਦੀ ਸੀ ਪਰ ਇਹ ਸਿਰਫ 5.4 ਫੀਸਦੀ ਹੀ ਆ ਰਹੀ ਹੈ। ਟੈਸਟਿੰਗ ਦੇ ਵੇਲੇ ਤਾਪਮਾਨ ਨੂੰ ਲੈ ਕੇ ਜੋ ਗਾਈਡਲਾਈਨ ਸੀ, ਉਸ ਦਾ ਵੀ ਪਾਲਣ ਕੀਤਾ ਗਿਆ ਸੀ। ਇਸ ਦੇ ਬਾਵਜੂਦ ਨਤੀਜੇ ਸਹੀ ਨਹੀਂ ਹਨ।

ਆਈ.ਸੀ.ਐਮ.ਆਰ. ਨੇ ਕੀ ਕਿਹਾ ਸੀ?
ਸੂਬਿਆਂ ਨੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੂੰ ਕਿੱਟ ਦੇ ਨਤੀਜਿਆਂ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ। ਉਦੋਂ ਆਈ.ਸੀ.ਐਮ.ਆਰ. ਦੇ ਸਾਈਂਟਿਸਟ ਡਾ. ਰਮਨ ਗੰਗਾਖੇਡਕਰ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਤਿੰਨ ਸੂਬਿਆਂ ਵਿਚ ਕਿੱਟ ਦੀ ਐਕੂਰੇਸੀ ਵਿਚ ਫਰਕ ਸਾਹਮਣੇ ਆਇਆ ਹੈ। ਕੁਝ ਥਾਵਾਂ 'ਤੇ ਇਸ ਦੀ ਐਕੂਰੇਸੀ 6 ਫੀਸਦੀ ਤੇ ਕੁਝ 'ਤੇ 71 ਫੀਸਦੀ ਹੈ। ਕੋਰੋਨਾ ਸਿਰਫ ਸਾਢੇ ਤਿੰਨ ਮਹੀਨੇ ਪੁਰਾਣੀ ਬੀਮਾਰੀ ਹੈ। ਇਸ ਦੀ ਜਾਂਚ ਦੀ ਤਕਨੀਕ ਵਿਚ ਸੁਧਾਰ ਆਉਂਦਾ ਰਹੇਗਾ ਪਰ ਅਸੀਂ ਇਹਨਾਂ ਨਤੀਜਿਆਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਇਸ ਲਈ ਸੂਬਿਆਂ ਨੂੰ ਅਪੀਲ ਹੈ ਕਿ ਟੈਸਟਿੰਗ ਕਿੱਟ ਦੀ ਵਰਤੋਂ ਨੂੰ ਅਗਲੇ ਦੋ ਦਿਨ ਦੇ ਲਈ ਰੋਕ ਦਿਓ।

ਰੈਪਿਡ ਕਿੱਟ ਕੀ ਹੁੰਦੀ ਹੈ, ਇਸ ਦੇ ਨਤੀਜੇ ਕਿਸ ਤਰ੍ਹਾਂ ਹਨ?
* ਇਸ ਟੈਸਟ ਨਾਲ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਖੂਨ ਦੇ ਨਮੂਨਿਆਂ ਦੀ ਜਾਂਚ ਕੀਤੀ ਜਾਂਦੀ ਹੈ। ਇਹ ਸ਼ੱਕੀ ਮਾਮਲਿਆਂ ਦੀ ਤੇਜ਼ੀ ਨਾਲ ਸਕ੍ਰੀਨਿੰਗ ਤੇ ਉਹਨਾਂ ਦਾ ਪਤਾ ਲਗਾਉਣ ਲਈ ਜ਼ਰੂਰੀ ਹੈ। ਮਰੀਜ਼ ਦੇ ਸਵਾਬ ਦੇ ਪੈਥੋਲਾਜੀ ਲੈਬ ਵਿਚ ਹੋਣ ਵਾਲੇ ਟੈਸਟ ਤੋਂ ਮਿਲਣ ਵਾਲੇ ਨਤੀਜਿਆਂ ਦੀ ਤੁਲਨਾ ਵਿਚ ਰੈਪਿਡ ਟੈਸਟ ਕਿੱਟ ਨਾਲ ਨਤੀਜੇ ਘੱਟ ਸਮੇਂ ਵਿਚ ਮਿਲ ਜਾਂਦੇ ਹਨ।

* ਰੈਪਿਡ ਟੈਸਟ ਵਿਚ ਇਕ ਕਮੀ ਹੈ। ਅਸਲ ਵਿਚ ਸਰੀਰ ਵਿਚ ਜੇਕਰ ਕੋਰੋਨਾ ਵਾਇਰਸ ਹੈ ਪਰ ਉਸ 'ਤੇ ਐਂਟੀਬਾਡੀਜ਼ ਨੇ ਅਸਰ ਨਹੀਂ ਪਾਇਆ ਤਾਂ ਰੈਪਿਡ ਨੈਗੇਟਿਵ ਆਵੇਗਾ। ਮਤਲਬ ਵਾਇਰਸ ਦੀ ਮੌਜੂਦਗੀ ਹੈ ਪਰ ਪਤਾ ਨਹੀਂ ਲੱਗੇਗਾ। ਅਜਿਹੇ ਵਿਚ ਉਸ ਵਿਅਕਤੀ ਵਿਚ ਇਨਫੈਕਸ਼ਨ ਦੇ ਲੱਛਣ ਬਾਅਦ ਵਿਚ ਉਭਰਦੇ ਹਨ ਤੇ ਉਦੋਂ ਤੱਕ ਉਹ ਹੋਰਾਂ ਨੂੰ ਇਨਫੈਕਟਡ ਕਰ ਸਕਦਾ ਹੈ। ਜਦਕਿ ਆਰ.ਟੀ.-ਪੀ.ਸੀ.ਆਰ. ਟੈਸਟ ਵਿਚ ਨਤੀਜੇ ਸਟੀਕ ਹੁੰਦੇ ਹਨ।


Baljit Singh

Content Editor

Related News