ਭਾਰਤ ਵੱਲੋਂ ''ਅਗਨੀ-1'' ਬੈਲਿਸਟਿਕ ਮਿਜ਼ਾਈਲ ਦਾ ਸਫਲ ਪਰੀਖਣ; ਓਡੀਸ਼ਾ ਦੇ ਚਾਂਦੀਪੁਰ ਤੋਂ ਭਰੀ ਉਡਾਣ
Friday, May 22, 2026 - 08:38 PM (IST)
ਨੈਸ਼ਨਲ ਡੈਸਕ : ਭਾਰਤ ਨੇ ਸ਼ੁੱਕਰਵਾਰ ਨੂੰ ਰੱਖਿਆ ਖੇਤਰ ਵਿੱਚ ਇੱਕ ਹੋਰ ਵੱਡੀ ਸਫਲਤਾ ਹਾਸਲ ਕਰਦਿਆਂ ਓਡੀਸ਼ਾ ਦੇ ਚਾਂਦੀਪੁਰ ਸਥਿਤ ਏਕੀਕ੍ਰਿਤ ਪਰੀਖਣ ਕੇਂਦਰ ਤੋਂ ਘੱਟ ਦੂਰੀ ਦੀ ਬੈਲਿਸਟਿਕ ਮਿਜ਼ਾਈਲ 'ਅਗਨੀ-1' ਦਾ ਸਫਲ ਪਰੀਖਣ ਕੀਤਾ ਹੈ। ਰੱਖਿਆ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਪਰੀਖਣ ਨੇ ਸਾਰੇ ਨਿਰਧਾਰਿਤ ਸੰਚਾਲਨ ਅਤੇ ਤਕਨੀਕੀ ਮਾਪਦੰਡਾਂ ਨੂੰ ਪੂਰਾ ਕੀਤਾ ਹੈ।
ਮੰਤਰਾਲੇ ਨੇ ਦੱਸਿਆ ਕਿ ਇਹ ਪਰੀਖਣ ਭਾਰਤੀ ਸੈਨਾ ਦੀ ਸਾਮਰਿਕ ਬਲ ਕਮਾਂਡ ਦੇ ਅਧੀਨ ਕੀਤਾ ਗਿਆ ਸੀ। ਇਸ ਸਫਲਤਾ ਨੇ ਭਾਰਤ ਦੀ ਰੱਖਿਆ ਪ੍ਰਣਾਲੀ ਅਤੇ ਮਿਜ਼ਾਈਲ ਤਕਨਾਲੋਜੀ ਦੀ ਮਜ਼ਬੂਤੀ ਨੂੰ ਮੁੜ ਸਾਬਤ ਕੀਤਾ ਹੈ।
ਜ਼ਿਕਰਯੋਗ ਹੈ ਕਿ 'ਅਗਨੀ' ਲੜੀ ਦੀਆਂ ਮਿਜ਼ਾਈਲਾਂ ਭਾਰਤ ਦੀ ਰਣਨੀਤਕ ਰੋਕਥਾਮ ਦਾ ਅਹਿਮ ਹਿੱਸਾ ਹਨ। 'ਅਗਨੀ-1' ਤੋਂ ਲੈ ਕੇ 'ਅਗਨੀ-4' ਤੱਕ ਦੀਆਂ ਮਿਜ਼ਾਈਲਾਂ ਦੀ ਮਾਰਕ ਸਮਰੱਥਾ 700 ਕਿਲੋਮੀਟਰ ਤੋਂ 3,500 ਕਿਲੋਮੀਟਰ ਤੱਕ ਹੈ। ਰੱਖਿਆ ਮੰਤਰਾਲੇ ਅਨੁਸਾਰ ਇਨ੍ਹਾਂ ਮਿਜ਼ਾਈਲਾਂ ਨੂੰ ਪਹਿਲਾਂ ਹੀ ਰੱਖਿਆ ਬੇੜੇ ਵਿੱਚ ਸ਼ਾਮਲ ਕਰਕੇ ਤਾਇਨਾਤ ਕੀਤਾ ਜਾ ਚੁੱਕਾ ਹੈ। ਇਸ ਸਫਲ ਪਰੀਖਣ ਨਾਲ ਭਾਰਤ ਦੀ ਘੱਟ ਦੂਰੀ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਸਮਰੱਥਾ ਵਿੱਚ ਹੋਰ ਨਿਖਾਰ ਆਇਆ ਹੈ, ਜੋ ਦੇਸ਼ ਦੀ ਸੁਰੱਖਿਆ ਲਈ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
