UNDP ਦੇ ਮਨੁੱਖੀ ਵਿਕਾਸ ਸੂਚਕਾਂਕ ''ਚ ਭਾਰਤ 132ਵੇਂ ਸਥਾਨ ''ਤੇ ਖਿਸਕਿਆ

Friday, Sep 09, 2022 - 11:49 AM (IST)

UNDP ਦੇ ਮਨੁੱਖੀ ਵਿਕਾਸ ਸੂਚਕਾਂਕ ''ਚ ਭਾਰਤ 132ਵੇਂ ਸਥਾਨ ''ਤੇ ਖਿਸਕਿਆ

ਨਵੀਂ ਦਿੱਲੀ (ਭਾਸ਼ਾ)- ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐੱਨ.ਡੀ.ਪੀ.) ਵੱਲੋਂ ਜਾਰੀ ਰਿਪੋਰਟ ਅਨੁਸਾਰ 2021 ਦੇ ਮਨੁੱਖੀ ਵਿਕਾਸ ਸੂਚਕ ਅੰਕ ਵਿਚ ਭਾਰਤ 191 ਦੇਸ਼ਾਂ 'ਚੋਂ 132ਵੇਂ ਸਥਾਨ 'ਤੇ ਖਿਸਕ ਗਿਆ ਹੈ। ਭਾਰਤ ਦਾ 0.6333 ਦਾ ਐੱਚ.ਡੀ.ਆਈ. ਮਾਨ ਦੇਸ਼ ਨੂੰ ਮੱਧਮ ਮਨੁੱਖੀ ਵਿਕਾਸ ਸ਼੍ਰੇਣੀ ਵਿਚ ਰੱਖਦਾ ਹੈ, ਜੋ ਕਿ 2020 ਦੀ ਰਿਪੋਰਟ ਵਿਚ 0.645 ਦੇ ਮੁੱਲ ਤੋਂ ਘੱਟ ਹੈ। ਭਾਰਤ ਸਾਲ 2020 ਲਈ ਮਨੁੱਖੀ ਵਿਕਾਸ ਸੂਚਕ ਅੰਕ ਵਿਚ 189 ਦੇਸ਼ਾਂ ਵਿਚੋਂ 131ਵੇਂ ਸਥਾਨ 'ਤੇ ਸੀ। ਰਿਪੋਰਟ ਵਿਚ ਕਿਹਾ ਗਿਆ ਹੈ,"ਗਲੋਬਲ ਰੁਝਾਨਾਂ ਦੀ ਤਰ੍ਹਾਂ, ਭਾਰਤ ਦੇ ਮਾਮਲਿਆਂ 'ਚ ਵੀ 2019 'ਚ ਐੱਚ.ਡੀ.ਆਈ. ਮੁੱਲ 0.645 ਸੀ, ਜੋ ਕਿ 2021 ਵਿਚ ਘੱਟ ਕੇ 0.633 ਤੱਕ ਆ ਗਿਆ, ਇਸ ਲਈ ਜੀਵਨ ਸੰਭਾਵਨਾ (69.7 ਤੋਂ 67.2 ਸਾਲ ਹੋਣ ਨੂੰ) ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ।"  ਭਾਰਤ ਵਿਚ ਸਕੂਲੀ ਪੜ੍ਹਾਈ ਦਾ ਸੰਭਾਵਿਤ ਸਾਲ 11.9 ਸਾਲ ਹੈ ਅਤੇ ਸਕੂਲੀ ਸਿੱਖਿਆ ਦਾ ਔਸਤ ਸਾਲ 6.7 ਸਾਲ ਹੈ।''

ਕਿਸੇ ਰਾਸ਼ਟਰ ਦੇ ਸਿਹਤ, ਸਿੱਖਿਆ ਅਤੇ ਔਸਤ ਆਮਦਨ ਨੂੰ ਮਾਪਣ ਦੇ ਪੈਮਾਨੇ ਦੀ ਦ੍ਰਿਸ਼ਟੀ ਨਾਲ ਮਨੁੱਖੀ ਵਿਕਾਸ 'ਚ ਲਗਾਤਾਰ 2 ਸਾਲ- 2020 ਅਤੇ 2021 'ਚ ਗਿਰਾਵਟ ਦਰਜ ਕੀਤੀ ਗਈ ਹੈ, ਜਦੋਂ ਕਿ ਇਸ ਤੋਂ ਪਹਿਲੇ ਸਾਲ ਕਾਫ਼ੀ ਵਿਕਾਸ ਹੋਇਆ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਕੋਈ ਭਾਰਤ ਦੀ ਇਕਲੌਤੀ ਸਥਿਤੀ ਨਹੀਂ ਹੈ, ਸਗੋਂ ਵਿਸ਼ਵ ਪੱਧਰ 'ਤੇ ਗਿਰਾਵਟ ਦੇ ਅਨੁਰੂਪ ਹੈ, ਜੋ ਦਰਸਾਉਂਦਾ ਹੈ ਕਿ 32 ਸਾਲਾਂ 'ਚ ਪਹਿਲੀ ਵਾਰ ਦੁਨੀਆ ਭਰ 'ਚ ਮਨੁੱਖੀ ਵਿਕਾਸ ਠਹਿਰ ਜਿਹਾ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਨੁੱਖੀ ਵਿਕਾਸ ਸੂਚਕਾਂਕ ਵਿਚ ਹਾਲ ਹੀ ਵਿਚ ਆਈ ਗਿਰਾਵਟ ਵਿਚ ਇੱਕ ਪ੍ਰਮੁੱਖ ਯੋਗਦਾਨ ਜੀਵਨ ਸੰਭਾਵਨਾ ਵਿਚ ਵਿਸ਼ਵਵਿਆਪੀ ਗਿਰਾਵਟ ਹੈ, ਜੋ ਕਿ 2019 ਵਿਚ 72.8 ਸਾਲ ਤੋਂ ਘੱਟ ਕੇ 2021 ਵਿਚ 71.4 ਸਾਲ ਹੋ ਗਈ ਹੈ।


author

DIsha

Content Editor

Related News