ਭਾਰਤ ਨੇ ਸ਼੍ਰੀਲੰਕਾ ਨੂੰ ਬਚਾਇਆ : ਜੇ. ਵੀ. ਪੀ
Thursday, Oct 20, 2022 - 04:59 PM (IST)
ਕੋਲੰਬੋ– ਖੱਬੇ ਪੱਖੀ ਜਨਤਾ ਵਿਮੁਕਤੀ ਪੇਰਾਮੁਨਾ (ਜੇ. ਵੀ. ਪੀ.) ਦੇ ਆਗੂ ਨੇ ਬੁੱਧਵਾਰ ਨੂੰ ਪ੍ਰਕਾਸ਼ਿਤ ਇਕ ਟਿੱਪਣੀ ’ਚ ਕਿਹਾ ਕਿ ਜੇਕਰ ਭਾਰਤ ਸਰਕਾਰ ਨੇ ਸ਼੍ਰੀਲੰਕਾ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰ ਕੇ ਬਚਾਇਆ ਨਹੀਂ ਹੁੰਦਾ ਤਾਂ ਦੇਸ਼ ਹੋਰ ਜ਼ਿਆਦਾ ਆਰਥਿਕ ਸੰਕਟ ’ਚ ਹੁੰਦਾ।
ਇਕ ਟੈਲੀਵਿਜ਼ਨ ਚੈਨਲ ਨਾਲ ਗੱਲਬਾਤ ਕਰਦਿਆਂ, ਜੇ. ਵੀ. ਪੀ. ਭਾਰਤ ਦੇ ਆਗੂ ਅਨੁਰਾ ਕੁਮਾਰਾ ਦਿਸਾਨਾਇਕੇ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ’ਚ ਭਾਰਤ ਨੇ 3.8 ਅਰਬ ਡਾਲਰ ਦੀ ਸਹਾਇਤਾ ਕੀਤੀ, ਜਦੋਂ ਕਿ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਚਾਰ ਸਾਲਾਂ ’ਚ ਸਿਰਫ਼ 2.9 ਅਰਬ ਡਾਲਰ ਦੀ ਸਹਾਇਤਾ ਪ੍ਰਦਾਨ ਕੀਤੀ। ਦਿ ਆਈਲੈਂਡ ਅਖਬਾਰ ਨੇ ਭਾਰਤੀ ਮਦਦ ਦੀ ਸ਼ਲਾਘਾ ਕਰਦੇ ਹੋਏ, ਦਿਸਾਨਾਇਕੇ ਦੇ ਹਵਾਲੇ ਤੋਂ ਕਿਹਾ, ਜਦੋਂ ਸ਼੍ਰੀਲੰਕਾ ਸਰਕਾਰ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਵੀ ਪੂਰਾ ਕਰਨ ’ਚ ਅਸਮਰੱਥ ਸੀ ਤਾਂ ਅਜਿਹੇ ਸਮੇਂ ’ਚ ਭਾਰਤ ਨੇ ਦੇਸ਼ ਦੀ ਮਦਦ ਕੀਤੀ। ਇਹ ਕਹਿੰਦੇ ਹੋਏ ਕਿ ਦੇਸ਼ ’ਚ ਆਰਥਿਕ ਅਤੇ ਭੋਜਨ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ, ਜੇ. ਵੀ. ਪੀ. ਆਗੂ ਨੇ ਸਰਕਾਰ ਖਿਲਾਫ ਜਨਤਕ ਰੋਸ ਦੇ ਨਵੇਂ ਦੌਰ ਦੀ ਚਿਤਾਵਨੀ ਦਿੱਤੀ।