ਫਲਸਤੀਨ-ਇਜ਼ਰਾਇਲ ਵਿਵਾਦ 'ਤੇ ਭਾਰਤ ਦਾ ਨਜ਼ਰੀਆ..!

Tuesday, May 18, 2021 - 10:31 PM (IST)

ਫਲਸਤੀਨ-ਇਜ਼ਰਾਇਲ ਵਿਵਾਦ 'ਤੇ ਭਾਰਤ ਦਾ ਨਜ਼ਰੀਆ..!

ਅੱਬਾਸ ਧਾਲੀਵਾਲ 
ਮਲੇਰਕੋਟਲਾ ।
Abbasdhaliwal72@gmail.com 

ਪਿਛਲੇ ਕੁਝ ਦਿਨਾਂ ਤੋਂ ਇਜ਼ਰਾਇਲ ਤੇ ਫਲਸਤੀਨ ਵਿਚਲੇ ਤਣਾਅ ਨੇ ਜਿਸ ਕਦਰ ਸ਼ਿਦੱਤ ਅਖਤਿਆਰ ਕੀਤੀ ਹੈ ਅਤੇ ਜਿਸ ਤਰ੍ਹਾਂ ਇਜ਼ਰਾਇਲ ਵਲੋਂ ਨਿਹੱਥੇ ਫਲਸਤੀਨੀਆਂ ਤੇ ਬੰਬਾਰੀ ਕਰ ਲਗਾਤਾਰ ਉਨ੍ਹਾਂ ਨੂੰ ਜਾਨੀ ਮਾਲੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਉਸ ਨੂੰ ਲੈ ਕੇ ਦੁਨੀਆਂ ਦੇ ਤਮਾਮ ਅਮਨ ਪਸੰਦ ਲੋਕ ਚਿੰਤਤ ਹਨ। ਇਹੋ ਵਜ੍ਹਾ ਹੈ ਕਿ ਪਿਛਲੇ ਦਸ ਬਾਰਾਂ ਦਿਨਾਂ ਤੋਂ ਉਕਤ ਮਾਮਲੇ ਨੂੰ ਲੈ ਕੇ ਵੱਖ ਵੱਖ ਦੇਸ਼ਾਂ ਤੋਂ ਅਲੱਗ ਅਲੱਗ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਜਿਨ੍ਹਾਂ ਨੂੰ ਅੰਤਰ-ਰਾਸ਼ਟਰੀ ਮੀਡੀਆ ਵਿੱਚ ਵਿਸ਼ੇਸ਼ ਥਾਂ ਮਿਲ ਰਹੀ ਹੈ ਅਤੇ ਇਸ ਵਿਸ਼ੇ ਤੇ ਵਿਸ਼ੇਸ਼ ਕੌਮਾਂਤਰੀ ਅਖ਼ਬਾਰਾਂ ਵਿੱਚ ਇਨ੍ਹਾਂ ਤੇ ਟੀਕਾ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ।

ਯਾਸਰ ਅਰਾਫਾਤ ਦੀ ਭਾਰਤ ਨਾਲ ਸਾਂਝ
ਇਸ ਸੰਦਰਭ ਵਿੱਚ ਗੱਲ ਭਾਰਤ ਦੀ ਕਰੀਏ ਤਾਂ ਇਥੇ ਹਾਲੇ ਤੱਕ ਖਾਮੋਸ਼ੀ ਸੀ ਪਰ ਦੁਨੀਆਂ ਦੇ ਮੁਲਕਾਂ ਅਤੇ ਵਿਸ਼ੇਸ਼ ਤੌਰ 'ਤੇ ਭਾਰਤੀ ਲੋਕਾਂ ਨੂੰ ਇਸ ਸੰਦਰਭ ਵਿੱਚ ਡਾਢਾ ਇੰਤਜ਼ਾਰ ਸੀ ਕਿ ਆਖਿਰ ਭਾਰਤ ਇਸ ਮਾਮਲੇ 'ਤੇ ਆਪਣਾ ਕੀ ਸਟੈਂਡ ਲੈਂਦਾ ਹੈ। ਜੇਕਰ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਭਾਰਤ ਦੀ ਫਲਸਤੀਨੀਆਂ ਨਾਲ ਪਹਿਲੀ ਘੜੀ ਤੋਂ ਹੀ ਹਮਦਰਦੀ ਭਰੀ ਨੀਤੀ ਰਹੀ ਹੈ। ਮੈਨੂੰ ਯਾਦ ਹੈ ਕਿ ਅੱਸੀ-ਨੱਬੇ ਦੇ ਦਹਾਕੇ ਦੌਰਾਨ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸਾਂ ਅਕਸਰ ਸਾਡੇ ਦੇਸ਼ ਦੇ ਵੱਖ ਵੱਖ ਆਗੂਆਂ ਦੀਆਂ ਤਸਵੀਰਾਂ ਅਖ਼ਬਾਰਾਂ ਵਿੱਚ ਇਕ ਵੱਖਰੀ ਕਿਸਮ ਨਾਲ ਸਿਰ 'ਤੇ ਰੁਮਾਲ ਬੰਨ੍ਹੇ ਸ਼ਖ਼ਸ ਨਾਲ ਛਪਿਆ ਕਰਦੀਆਂ ਸਨ । ਇਸ ਤੋਂ ਬਾਅਦ ਜਦੋਂ ਥੋੜ੍ਹੀ ਸੁਰਤ ਸੰਭਲੀ ਤਾਂ ਪਤਾ ਲੱਗਿਆ ਕਿ ਦਰਅਸਲ ਉਹ ਵਿਅਕਤੀ ਫਲਸਤੀਨ ਦੇ ਜੁਝਾਰੂ ਆਗੂ ਯਾਸਰ ਅਰਾਫਾਤ ਸਨ ਜੋ ਕਿ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਆਪਣੀ ਭੈਣ ਸਮਝਦੇ ਸਨ ਤੇ ਭਾਰਤ ਨਾਲ ਬੇਹੱਦ ਸਨੇਹ ਰੱਖਦੇ ਸਨ ਤੇ ਇਹੋ ਵਜ੍ਹਾ ਹੈ ਕਿ ਉਹ ਜਦੋਂ ਵੀ ਭਾਰਤ ਆਉਂਦੇ ਸਨ ਤਾਂ ਦੇਸ਼ ਦੇ ਆਗੂ ਤੇ ਲੋਕ ਉਨ੍ਹਾਂ ਦਾ ਬੇਹੱਦ ਗਰਮਜੋਸ਼ੀ ਨਾਲ ਸੁਆਗਤ ਕਰਦੇ ਸਨ। ਫੇਰ ਅਰਾਫਾਤ ਦੇ ਅਕਾਲ ਚਲਾਣੇ ਮਗਰੋਂ ਜਿਵੇਂ ਰਿਸ਼ਤਿਆਂ ਵਿੱਚ ਇਕ ਠਹਿਰਾਅ ਜਿਹਾ ਆ ਗਿਆ ਸੀ। ਬੇਸ਼ੱਕ ਅਰਾਫਾਤ ਦੀ ਮੌਤ ਫਲਸਤੀਨ ਲਈ ਇਕ ਤਰ੍ਹਾਂ ਨਾਲ ਇਕ ਮੋੜ ਸਾਬਤ ਹੋਈ, ਉਨ੍ਹਾਂ ਦੇ ਇਸ ਦੁਨੀਆ ਨੂੰ ਅਲਵਿਦਾ ਕਹਿਣ ਬਾਅਦ ਜਿਵੇਂ ਫਲਸਤੀਨ ਯਤੀਮ ਜਿਹਾ ਹੋ ਗਿਆ ਤੇ ਕੋਈ ਵੀ ਦੂਸਰਾ ਆਗੂ ਸੰਸਾਰ ਵਿੱਚ ਉਨ੍ਹਾਂ ਵਰਗਾ ਸਥਾਨ ਨਾ ਬਣਾ ਸਕਿਆ। ਇਹੋ ਵਜ੍ਹਾ ਹੈ ਕਿ ਇਸ ਦੌਰਾਨ ਇਜ਼ਰਾਇਲ ਨੇ ਫਲਸਤੀਨੀਆਂ ਦੇ ਮਾਮਲੇ ਵਿੱਚ ਅਕਸਰ ਮਾਨਵ ਅਧਿਕਾਰਾਂ ਨੂੰ ਅੱਖੋਂ ਪਰੋਖੇ ਕਰਦਿਆਂ ਆਪਣੇ ਮੰਨ ਮੁਆਫਕ ਫ਼ੈਸਲੇ ਕਰਦਿਆਂ ਇਨ੍ਹਾਂ ਦੇ ਅਧਿਕਾਰਾਂ 'ਤੇ ਸ਼ਰੇਆਮ ਡਾਕੇ ਮਾਰੇ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਤਸੀਹੇ ਦਿੱਤੇ। ਇਨ੍ਹਾਂ ਦੇ ਇਲਾਕਿਆਂ ਨੂੰ ਨਾਜਾਇਜ਼ ਰੂਪ ਵਿੱਚ ਆਪਣੇ ਕਬਜ਼ੇ ਵਿੱਚ ਲੈ ਕੇ ਆਪਣੇ ਲੋਕਾਂ ਦੀਆਂ ਬਸਤੀਆਂ ਆਬਾਦ ਕੀਤੀਆਂ। 


ਉਰਦੂ ਦੇ ਸ਼ਾਇਰ ਹਾਲੀ ਨੇ ਇਕ ਵਾਰ ਕਿਹਾ ਸੀ ਕਿ :
ਚਲੋ ਤੁਮ ਉਧਰ ਕੋ ਹਵਾ ਹੋ ਜਿਧਰ ਕੀ। 
ਸਦਾ ਏਕ ਤਰਫ ਕੋ ਨਾਓ ਨਹੀਂ ਚਲਤੀ। 

ਉਕਤ ਸ਼ੇਅਰ ਤੇ ਅਮਲ ਕਰਦਿਆਂ ਭਾਵ ਸਮੇਂ ਦੀ ਨਜ਼ਾਕਤ ਅਨੁਸਾਰ ਜੋ ਭਾਰਤ ਕਦੇ ਫਲਸਤੀਨ ਦੇ ਬਹੁਤ ਨੇੜੇ ਸਮਝਿਆ ਜਾਂਦਾ ਸੀ ਉਸ ਨੇ ਵੀ ਪਿਛਲੇ ਕੁਝ ਸਾਲਾਂ ਦੌਰਾਨ ਇਜ਼ਰਾਇਲ ਨਾਲ ਵਧੇਰੇ ਨਜ਼ਦੀਕੀਆਂ ਵਧਾਈਆਂ । 

ਇਹੋ ਵਜ੍ਹਾ ਹੈ ਕਿ ਬੀਤੇ ਦਿਨੀਂ ਜਦੋਂ ਇਜ਼ਰਾਇਲ ਫਲਸਤੀਨ ਤਨਾਅ ਕਾਰਨ ਹਾਲਾਤ ਪੇਚੀਦਾ ਹੋਏ ਤਾਂ ਦੁਨੀਆਂ ਭਰ ਚੋਂ ਵੱਖ-ਵੱਖ ਦੇਸ਼ਾਂ ਦੀਆਂ ਪ੍ਰਤੀਕਿਰਿਆਵਾਂ ਆਈਆਂ ਪਰ ਭਾਰਤ ਦਾ ਇਸ ਸਬੰਧੀ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਦਰਅਸਲ ਇਜ਼ਰਾਇਲ - ਫਲਸਤੀਨ ਮਾਮਲੇ ਨੂੰ ਲੈ ਕੇ ਭਾਰਤ ਇੱਕ ਦੁਚਿੱਤੀ ਵਿਚ ਘਿਰਿਆ ਮਹਿਸੂਸ ਹੋਇਆ। ਸ਼ਾਇਦ ਇਸਦੀ ਵੱਡੀ ਵਜ੍ਹਾ ਇਹ ਸੀ ਕਿ ਜੇਕਰ ਭਾਰਤ ਇਜ਼ਰਾਇਲ ਦਾ ਪੱਖ ਪੂਰਦਾ ਤਾਂ ਅਰਬ ਦੇਸ਼ਾਂ ਨਾਲ ਉਸ ਦੀ ਮਿੱਤਰਤਾ ਖਟਾਈ 'ਚ ਪੈਣ ਦਾ ਖਦਸ਼ਾ ਸੀ ਅਤੇ ਜੇਕਰ ਫਲਸਤੀਨ ਦਾ ਪੱਖ ਲੈਂਦਾ ਹੈ ਤਾਂ ਇਜ਼ਰਾਇਲ ਨਾਲ ਸੰਬੰਧ ਖ਼ਰਾਬ ਹੋਣ ਦਾ ਡਰ ਸੀ। 


ਆਖ਼ਿਰ ਭਾਰਤ ਨੇ ਤੋੜੀ ਖਾਮੋਸ਼ੀ
ਆਖਿਰ ਲੰਮੇ ਇੰਤਜ਼ਾਰ ਬਾਅਦ ਹੁਣ ਭਾਰਤ ਨੇ ਆਪਣੀ ਖਾਮੋਸ਼ੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਦੌਰਾਨ ਤੋੜੀ। ਇਸ ਦੌਰਾਨ ਭਾਰਤੀ ਰਾਜਦੂਤ ਟੀ ਐਸ ਤਿਰੂਮੂਰਤੀ ਦਾ ਜੋ ਪਹਿਲਾ ਪ੍ਰਤੀਕਰਮ ਸਾਹਮਣੇ ਆਇਆ ਉਹ ਇਹੋ ਸੀ ਕਿ ਭਾਰਤ ਯਰੂਸ਼ਲਮ ਅਤੇ ਗਜ਼ਾ ਵਿਚ ਚੱਲ ਰਹੀ ਹਿੰਸਾ ਤੋਂ ਚਿੰਤਤ ਹੈ। ਉਨ੍ਹਾਂ ਦਾ ਆਖਣਾ ਸੀ ਕਿ "ਭਾਰਤ ਹਰ ਤਰ੍ਹਾਂ ਦੀ ਹਿੰਸਾ ਦੀ ਨਿੰਦਿਆ ਕਰਦਾ ਹੈ, ਤਣਾਅ ਤੁਰੰਤ ਖ਼ਤਮ ਕਰਨ ਦੀ ਅਪੀਲ ਕਰਦਾ ਹੈ।"ਰਾਜਦੂਤ ਤਿਰੂਮੂਰਤੀ ਹੁਰਾਂ ਇਹ ਵੀ ਕਿਹਾ ਕਿ , "ਭਾਰਤ ਫਲਸਤੀਨੀਆਂ ਦੀ ਜਾਇਜ਼ ਮੰਗ ਦੀ ਹਮਾਇਤ ਕਰਦਾ ਹੈ ਅਤੇ ਦੋ-ਰਾਸ਼ਟਰ ਨੀਤੀ ਰਾਹੀਂ ਮਸਲੇ ਦਾ ਹੱਲ ਕੱਢਣ ਲਈ ਵਚਨਬੱਧ ਹੈ।" 

ਇਥੇ ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ 2016 ਦੇ ਪ੍ਰਸਤਾਵ ਨੰਬਰ 2324 ਪਾਸ ਕੀਤਾ ਗਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਪੂਰਵੀ ਯਰੂਸ਼ਲਮ ਸਹਿਤ 1967 ਦੇ ਬਾਅਦ ਕਬਜ਼ੇ ਵਾਲੇ ਫਲਸਤੀਨੀ ਇਲਾਕਿਆਂ ਵਿੱਚ ਇਜ਼ਰਾਇਲੀ ਬਸਤੀਆਂ ਦੀ ਸਥਾਪਨਾ ਦੀ ਕੋਈ ਕਾਨੂੰਨੀ ਵੈਧਤਾ ਨਹੀਂ ਸੀ ਇਸ ਪ੍ਰਸਤਾਵ ਵਿਚ ਕਿਹਾ ਗਿਆ ਕਿ ਅੰਤਰ-ਰਾਸ਼ਟਰੀ ਕਾਨੂੰਨ ਦੇ ਤਹਿਤ ਇਨ੍ਹਾਂ ਬਸਤੀਆਂ ਦੀ ਸਥਾਪਨਾ ਇਕ ਵੱਡਾ ਉਲੰਘਣ ਸੀ। 

ਤਿਰੂਮੂਰਤੀ ਨੇ ਅੱਗੇ ਕਿਹਾ ਕਿ , "ਭਾਰਤ ਗਜ਼ਾ ਪੱਟੀ ਤੋਂ ਰਾਕੇਟ ਹਮਲਿਆਂ ਦੀ ਨਿੰਦਿਆ ਕਰਦਾ ਹੈ, ਨਾਲ ਹੀ ਇਜ਼ਰਾਈਲ ਦੇ ਜਵਾਬੀ ਕਾਰਵਾਈ ਵਿੱਚ ਵੱਡੀ ਗਿਣਤੀ ਵਿੱਚ ਆਮ ਨਾਗਰਿਕ ਮਾਰੇ ਗਏ ਹਨ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ, ਜੋ ਬਹੁਤ ਦੁੱਖਦਾਇਕ ਹੈ।"

ਉਨ੍ਹਾਂ ਇਹ ਵੀ ਕਿਹਾ ਕਿ "ਦੋਵਾਂ ਧਿਰਾਂ ਨੂੰ ਇਕਪਾਸੜ ਢੰਗ ਨਾਲ ਕੰਮ ਨਹੀਂ ਕਰਨਾ ਚਾਹੀਦਾ ਅਤੇ ਮੌਜੂਦਾ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਇਸ ਵਿਚ ਯਰੂਸ਼ਲਮ ਵਿਚ ਕੋਈ ਤਬਦੀਲੀ ਸ਼ਾਮਲ ਨਹੀਂ ਹੈ।"

ਜਦੋਂ ਕਿ ਬੈਤੂਲ ਮੁਕਦਸ ਯਰੂਸ਼ਲਮ ਦੇ ਸੰਦਰਭ ਵਿੱਚ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਲੱਖਾਂ ਲੋਕਾਂ ਦੀ ਆਸਥਾ ਦਾ ਕੇਂਦਰ ਹੈ, ਭਾਰਤ ਤੋਂ ਹਜ਼ਾਰਾਂ ਲੋਕ ਯਰੂਸ਼ਲਮ ਆਉਂਦੇ ਹਨ ਕਿਉਂਕਿ ਇੱਥੇ ਉਹ ਗੁਫਾ ਹੈ, ਜਿਸ ਵਿੱਚ ਭਾਰਤ ਦੇ ਸੂਫੀ ਸੰਤ ਬਾਬਾ ਫਰੀਦ ਜੀ ਸਾਧਨਾ ਕਰਦੇ ਸਨ। ਭਾਰਤ ਨੇ ਇਸ ਗੁਫਾ ਦੀ ਰੱਖਿਆ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ , "ਯਰੂਸ਼ਲਮ ਦੇ ਧਾਰਮਿਕ ਸਥਾਨਾਂ 'ਤੇ ਇਤਿਹਾਸਕ ਤੌਰ' ਉੱਤੇ ਸਥਿਤੀ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ, ਜਿਸ ਵਿਚ ਹਰਮ ਸ਼ਰੀਫ ਅਤੇ ਮੰਦਰ ਪਰਬਤ ਵੀ ਸ਼ਾਮਲ ਹੈ।"

PunjabKesari

 

ਮੌਜੂਦਾ ਤਨਾਅ ਦੇ ਸੰਦਰਭ ਵਿੱਚ ਉਨ੍ਹਾਂ ਕਿਹਾ, ਤਾਜ਼ਾ ਟਕਰਾਅ ਤੋਂ ਬਾਅਦ ਇਜ਼ਰਾਈਲ ਅਤੇ ਫਲਸਤੀਨੀ ਪ੍ਰਸ਼ਾਸਨ ਵਿਚਾਲੇ ਫਿਰ ਤੋਂ ਗੱਲਬਾਤ ਸ਼ੁਰੂ ਕਰਨ ਦੀ ਜ਼ਰੂਰਤ ਹੋਰ ਵਧੇਰੇ ਮਹਿਸੂਸ ਹੋ ਰਹੀ ਹੈ। "ਸੰਚਾਰ ਨਾ ਹੋਣ ਕਾਰਨ ਦੋਵਾਂ ਧਿਰਾਂ ਵਿਚ ਅਵਿਸ਼ਵਾਸ ਦੀ ਭਾਵਨਾ ਵਧ ਰਹੀ ਹੈ। " ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਖਦਸ਼ਾ ਪ੍ਰਗਟਾਇਆ ਕਿ  ਗੱਲਬਾਤ ਨਾ ਹੋਣ ਦੀ ਸੂਰਤ ਵਿੱਚ ਅਜਿਹੇ ਟਕਰਾਅ ਭਵਿੱਖ ਵਿੱਚ ਵੀ ਵਾਪਰਨਗੇ, ਇਸ ਲਈ ਉਨ੍ਹਾਂ ਨੇ ਗੱਲਬਾਤ ਲਈ ਸਕਾਰਾਤਮਕ ਮਾਹੌਲ ਬਣਾਉਣ 'ਤੇ ਜ਼ੋਰ ਦਿੱਤਾ।

ਇਥੇ ਜ਼ਿਕਰਯੋਗ ਹੈ ਕਿ ਜਿਸ ਨੂੰ ਬੈਤੂਲ ਮੁਕੱਦਸ ਜਾਂ ਮਸਜਿਦ-ਏ-ਅਕਸਾ ਆਖਦੇ ਹਨ ਉਸ ਦੇ ਨਾਲ ਮੁਸਲਿਮ, ਯਹੂਦੀ ਅਤੇ ਈਸਾਈ ਭਾਈਚਾਰੇ ਦੇ ਲੋਕਾਂ ਦੀਆਂ ਸਮੂਹਿਕ ਰੂਪ ਵਿਚ ਆਸਥਾ ਤੇ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਇਹੋ ਵਜ੍ਹਾ ਹੈ ਕਿ ਆਏ ਦਿਨ ਤਿੰਨੇ ਸਮੁਦਾਏ ਦੇ ਲੋਕੀਂ ਇਸ 'ਤੇ ਆਪਣਾ ਹੱਕ ਜਤਾਉਂਦੇ ਰਹਿੰਦੇ ਹਨ। 

ਇਜ਼ਰਾਇਲ ਫਲਸਤੀਨੀ ਵਿਵਾਦ 'ਚ  ਜੇਕਰ ਗੱਲ ਅਮਰੀਕਾ ਦੀ ਕਰੀਏ ਤਾਂ ਉਸ ਦੇ ਬਿਆਨਾਂ ਤੋਂ ਜਾਪਦਾ ਹੈ ਕਿ ਉਹ ਆਪਣਾ ਡੱਕਾ ਇਜ਼ਰਾਇਲ ਵੱਲ ਸੁੱਟ ਰਿਹਾ ਹੈ ਜਦੋਂ ਕਿ ਇਸ ਸੰਬੰਧੀ ਰੂਸ, ਚੀਨ ਤੁਰਕੀ ਤੇ ਈਰਾਨ ਇਜ਼ਰਾਇਲ ਨੂੰ ਸਬਕ ਸਿਖਾਉਣ ਦੇ ਰੌਂਅ 'ਚ ਨਜ਼ਰ ਆ ਰਹੇ ਹਨ। 

ਨੋਟ: ਫਲਸਤੀਨ-ਇਜ਼ਰਾਇਲ ਵਿਵਾਦ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜੁਆਬ


author

Harnek Seechewal

Content Editor

Related News